ਪਸ਼ੂਆਂ ’ਚ ਲੰਪੀ ਸਕਿਨ ਬੀਮਾਰੀ ਲਈ ਹਿਸਾਰ ਨੇ ਬਣਾਈ ਵੈਕਸੀਨ, ਕਿਸਾਨਾਂ ਨੂੰ ਜਲਦ ਹੋਵੇਗੀ ਉਪਲੱਬਧ

08/13/2022 1:35:02 PM

ਹਿਸਾਰ (ਅਰਚਨਾ ਸੇਠੀ)- ਹਰਿਆਣਾ ਦੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਹਿਸਾਰ ਦੇ ਨੈਸ਼ਨਲ ਇਕਵਿਨ ਰਿਸਰਚ ਸੈਂਟਰ ਨੇ ਵੈਕਸੀਨ ਬਣਾ ਲਈ ਹੈ ਅਤੇ ਪਸ਼ੂ ਪਾਲਣ ਵਾਲਿਆਂ ਨੂੰ ਛੇਤੀ ਹੀ ਵੈਕਸੀਨ ਉਪਲੱਬਧ ਕਰਵਾ ਦਿੱਤੀ ਜਾਵੇਗੀ। ਜੇ. ਪੀ. ਦਲਾਲ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ’ਚ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਸਮੇਂ ਲੰਪੀ ਬੀਮਾਰੀ ਕਾਰਨ ਦੇਸ਼ ਦੇ ਕਈ ਸੂਬਿਆਂ ’ਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਇਸ ਦਾ ਅਸਰ ਦੁੱਧ ਉਤਪਾਦਨ ’ਤੇ ਵੀ ਪੈ ਸਕਦਾ ਹੈ।

ਜੇ. ਪੀ. ਦਲਾਲ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਉਨ੍ਹਾਂ ਨੇ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰੂਸ਼ੋਤਮ ਰੂਪਾਲਾ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਹਰਿਆਣਾ ਪ੍ਰਦੇਸ਼ ’ਚ ਜਲਦ ਤੋਂ ਜਲਦ ਇਹ ਵੈਕਸੀਨ ਉਪਲੱਬਧ ਕਰਵਾ ਦਿੱਤੀ ਜਾਵੇਗੀ, ਤਾਂ ਕਿ ਪਸ਼ੂਆਂ ’ਚ ਫੈਲੀ ਲੰਪੀ ਬੀਮਾਰੀ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਫੀਲਡ ’ਚ ਜਾ ਕੇ ਪਸ਼ੂ ਪਾਲਣ ਵਾਲਿਆਂ ਨਾਲ ਗੱਲਬਾਤ ਕਰ ਕੇ ਵੱਧ ਤੋਂ ਵੱਧ ਜਾਗਰੂਕ ਕਰਨ। ਕਿਸਾਨਾਂ ਨੂੰ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਕੀ-ਕੀ ਕਦਮ ਚੁੱਕਣੇ ਚਾਹੀਦੇ ਹਨ, ਇਸ ਬਾਰੇ ਫੀਲਡ ’ਚ ਜਾ ਕੇ ਉਨ੍ਹਾਂ ਨੂੰ ਵਧੇਰੇ ਜਾਗਰੂਕ ਕੀਤਾ ਜਾਵੇ।

ਖੇਤੀ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਹਰਿਆਣਾ ਪਸ਼ੂ ਮੈਡੀਕਲ ਵੈਕਸੀਨ ਸੰਸਥਾ, ਹਿਸਾਰ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਨੈਸ਼ਨਲ ਇਕਵਿਨ ਰਿਸਰਚ ਸੈਂਟਰ, ਹਿਸਾਰ ਨਾਲ ਸਹਿਯੋਗ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਬਣਾ ਕੇ ਪਸ਼ੂ ਪਾਲਣ ਵਾਲਿਆਂ ਨੂੰ ਉਪਲਬੱਧ ਕਰਵਾਉਣ, ਤਾਂ ਕਿ ਪਸ਼ੂਆਂ ’ਚ ਫੈਲੀ ਇਸ ਬੀਮਾਰੀ ਤੋਂ ਨਿਜ਼ਾਤ ਦਿਵਾਈ ਜਾ ਸਕੇ। ਦੱਸ ਦੇਈਏ ਕਿ ਲੰਪੀ ਸਕਿਨ ਬੀਮਾਰੀ ਪਸ਼ੂਆਂ ’ਚ ਚਮੜੀ ਦੀ ਬੀਮਾਰੀ ਹੁੰਦੀ ਹੈ। ਇਸ ਕਾਰਨ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ। ਇਹ ਬੀਮਾਰੀ ਦੇਸ਼ ਦੇ ਕਈ ਸੂਬਿਆਂ ’ਚ ਫੈਲ ਗਈ ਹੈ ਅਤੇ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ।


Tanu

Content Editor

Related News