ਹਿਮਾਚਲ ਜਲਦੀ ਹੀ ''ਕੋਰੋਨਾ ਮੁਕਤ'' ਸੂਬਾ ਹੋਵੇਗਾ: CM ਜੈਰਾਮ

Saturday, May 02, 2020 - 07:12 PM (IST)

ਹਿਮਾਚਲ ਜਲਦੀ ਹੀ ''ਕੋਰੋਨਾ ਮੁਕਤ'' ਸੂਬਾ ਹੋਵੇਗਾ: CM ਜੈਰਾਮ

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਕਮੀ ਆਉਣ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੀ ਜਨਤਾ ਦੀ ਮਜ਼ਬੂਤ ਇੱਛਾ ਸ਼ਕਤੀ ਦਾ ਹੀ ਨਤੀਜਾ ਹੈ ਕਿ ਜਦੋਂ ਦੇਸ਼ ਅਤੇ ਦੁਨੀਆ 'ਚ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਹਿਮਾਚਲ ਪ੍ਰਦੇਸ਼ ਨੇ ਇਸ ਨੂੰ ਕੰਟਰੋਲ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੁੱਲ 40 ਪਾਜ਼ੇਟਿਵ ਮਾਮਲਿਆਂ 'ਚੋਂ 35 ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ ਇਨ੍ਹਾਂ 'ਚੋਂ 5 ਆਈਸ਼ੋਲੇਟ ਹਨ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਸੂਬੇ 'ਚ ਟੂਰਿਜ਼ਮ ਇੰਡਸਟਰੀ ਨੂੰ ਡੂੰਘਾ ਧੱਕਾ ਲੱਗਾ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਹੈ ਕਿ ਹਿਮਾਚਲ ਪ੍ਰਦੇਸ਼ 'ਚ ਬਾਹਰਲੇ ਸੂਬਿਆਂ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜੇ ਜਾਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਦੇ ਲਈ ਸਾਰੇ ਮਜ਼ਦੂਰਾਂ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਬੰਧਿਤ ਸੂਬੇ ਨਾਲ ਗੱਲ ਬਾਤ ਕਰਕੇ ਭੇਜੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਬਹੁਤ ਯੋਜਨਾਬੱਧ ਤਰੀਕੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ 'ਚ ਜੁੱਟੀ ਹੋਈ ਹੈ ਤਾਂ ਕਿ ਹਫੜਾ-ਦਫੜੀ ਨਾ ਮੱਚੇ।

ਉਨ੍ਹਾਂ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵੀ ਸੂਬੇ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੀ ਵਾਪਸੀ ਨੂੰ ਲੈ ਕੇ ਚਿੰਤਿਤ ਹੈ। ਇਸ ਦੇ ਲਈ ਦੂਜੇ ਸੂਬਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਲਦੀ ਹੀ ਅਸੀਂ ਇਸ ਸੰਕਟ ਤੋਂ ਉੱਭਰ ਜਾਵਾਂਗੇ।


author

Iqbalkaur

Content Editor

Related News