ਹਿਮਾਚਲ ’ਚ ਫਿਰ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ
Wednesday, May 19, 2021 - 10:37 AM (IST)
ਸ਼ਿਮਲਾ/ਧਰਮਸ਼ਾਲਾ/ਕੁੱਲੂ,(ਹੈਡਲੀ/ਬਿਊਰੋ)– ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ’ਤੇ ਮੰਗਲਵਾਰ ਨੂੰ ਫਿਰ ਬਰਫਬਾਰੀ ਹੋਈ, ਉਥੇ ਹੀ ਸ਼ਿਮਲਾ ਸਮੇਤ ਸੂਬੇ ਦੇ ਮੈਦਾਨੀ ਅਤੇ ਮੱਧ ਪਹਾੜੀ ਇਲਾਕਿਆਂ ’ਚ ਦਿਨ ਭਰ ਬੱਦਲ ਛਾਏ ਰਹੇ। ਜ਼ਿਲਾ ਕਾਂਗੜਾ ’ਚ ਬਾਅਦ ਦੁਪਹਿਰ ਕਈ ਥਾਵਾਂ ’ਤੇ ਮੀਂਹ ਪਿਆ। ਇਸ ਨਾਲ ਵੱਧ ਤੋਂ ਵੱਧ ਤਾਪਮਾਨ ’ਚ 3 ਤੋਂ 5 ਡਿਗਰੀ ਦੀ ਗਿਰਾਵਟ ਆਉਣ ਨਾਲ ਗਰਮੀ ਦਾ ਅਸਰ ਘੱਟ ਹੋਇਆ। ਸੂਬੇ ’ਚ ਅਗਲੇ 2 ਦਿਨ ਮੌਸਮ ਕਹਿਰ ਵਰ੍ਹਾ ਸਕਦਾ ਹੈ। ਮੌਸਮ ਵਿਭਾਗ ਨੇ 19 ਅਤੇ 20 ਮਈ ਨੂੰ ਪੂਰੇ ਪ੍ਰਦੇਸ਼ ’ਚ ਭਾਰੀ ਮੀਂਹ, ਗੜ੍ਹੇਮਾਰੀ ਅਤੇ ਆਸਮਾਨੀ ਬਿਜਲੀ ਡਿੱਗਣ ਦਾ ਆਰੈਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਤਾਊਤੇ ਸਾਈਕਲੋਨ ਦੇ ਕਾਰਨ ਸੂਬੇ ’ਚ ਬੱਦਲ ਛਾਏ ਰਹਿਣਗੇ। ਉਥੇ ਹੀ ਪੱਛਮੀ ਹਵਾ ਦੇ ਦਬਾਅ ਦਾ ਵੀ ਅਸਰ ਬਣਿਆ ਰਹੇਗਾ, ਜਿਸ ਨਾਲ ਮੈਦਾਨੀ ਖੇਤਰਾਂ ’ਚ 21 ਮਈ, ਜਦੋਂ ਕਿ ਬਾਕੀ ਹਿੱਸਿਆਂ ’ਚ 23 ਮਈ ਤੱਕ ਮੌਸਮ ਖ਼ਰਾਬ ਰਹੇਗਾ। ਅਗਲੇ 2 ਦਿਨ ਸੂਬੇ ਦੀਆਂ ਵੱਖ-ਵੱਖ ਥਾਵਾਂ ’ਚ ਵਿਆਪਕ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ।