ਹਿਮਾਚਲ ਚੋਣ ਨਤੀਜੇ: CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਸੀਟ ਤੋਂ ਲਗਾਤਾਰ 6ਵੀਂ ਵਾਰ ਜਿੱਤੇ
Thursday, Dec 08, 2022 - 12:43 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨ ਸਭਾ ਚੋਣਾਂ ਦੀ ਅੱਜ ਹੋ ਰਹੀ ਵੋਟਾਂ ਦੀ ਗਿਣਤੀ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲੇ ਦਰਮਿਆਨ ਜੈਰਾਮ ਠਾਕੁਰ ਸਿਰਾਜ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਤੀਜੇ ਦੌਰ ਦੀ ਵੋਟਾਂ ਦੀ ਗਿਣਤੀ ਦਾ ਪਹਿਲਾਂ ਨਤੀਜਾ ਮੁੱਖ ਮੰਤਰੀ ਦੀ ਜਿੱਤ ਦੇ ਰੂਪ ’ਚ ਭਾਜਪਾ ਦੇ ਖਾਤੇ ’ਚ ਗਿਆ ਹੈ। ਜੈਰਾਮ ਠਾਕੁਰ ਨੇ ਕਾਂਗਰਸ ਦੇ ਚੇਤਰਾਮ ਠਾਕੁਰ ਨੂੰ 13 ਹਜ਼ਾਰ ਤੋਂ ਵੱਧ ਸੀਟਾਂ ਦੇ ਫ਼ਰਕ ਨਾਲ ਹਰਾਇਆ ਹੈ। ਉਨ੍ਹਾਂ ਦੀ ਇਸ ਸੀਟ ਤੋਂ ਲਗਾਤਾਰ 6ਵੀਂ ਜਿੱਤ ਹੈ।
ਇਹ ਵੀ ਪੜ੍ਹੋ- ਹਿਮਾਚਲ ਚੋਣ ਨਤੀਜੇ: ਕਾਂਗਰਸ ਨੂੰ ਬਹੁਮਤ, 38 ਸੀਟਾਂ ’ਤੇ ਚੱਲ ਰਹੀ ਅੱਗੇ
ਸਿਰਾਜ ਹਲਕਾ ਮੰਡੀ ਸੰਸਦੀ ਸੀਟ ਅਧੀਨ ਆਉਂਦਾ ਹੈ। ਠਾਕੁਰ ਇਸ ਤੋਂ ਪਹਿਲਾਂ 1998, 2003, 2007, 2012 ਅਤੇ 2017 ਵਿਚ ਿਸਰਾਜ ਤੋਂ ਪੰਜ ਚੋਣਾਂ ਜਿੱਤ ਚੁੱਕੇ ਹਨ, ਜਿਸ ਨੂੰ ਪਹਿਲਾਂ ਚਾਚਿਓਟ ਹਲਕੇ ਵਜੋਂ ਜਾਣਿਆ ਜਾਂਦਾ ਸੀ। ਇਸ ਹਲਕੇ ਵਿਚ ਪਿਛਲੇ 25 ਸਾਲਾਂ ਤੋਂ ਭਾਜਪਾ ਦਾ ਦਬਦਬਾ ਰਿਹਾ ਹੈ।
ਸੂਤਰਾਂ ਮੁਤਾਬਕ ਦੂਜਾ ਨਤੀਜਾ ਵੀ ਭਾਜਪਾ ਦੇ ਪੱਖ ’ਚ ਗਿਆ ਹੈ, ਜਿਸ ’ਚ ਜੋਗਿੰਦਰ ਨਗਰ ਸੀਟ ਤੋਂ ਭਾਜਪਾ ਦੇ ਰਾਕੇਸ਼ ਕੁਮਾਰ ਚੋਣ ਜਿੱਤ ਗਏ ਹਨ। ਸ਼ੁਰੂਆਤੀ ਰੁਝਾਨਾਂ ’ਚ ਸੂਬੇ ਦੀ ਸੱਤਾਧਾਰੀ ਭਾਜਪਾ ਪਾਰਟੀ 28, ਜਦਕਿ ਵਿਰੋਧੀ ਧਿਰ ਕਾਂਗਰਸ 38 ਸੀਟ ਨਾਲ ਅੱਗੇ ਚੱਲ ਰਹੀ ਹੈ। ਦੋਵੇਂ ਪਾਰਟੀਆਂ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਆਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ਮਿਲੀਆਂ ਹਨ, ਜਦਕਿ ਆਮ ਆਮਦੀ ਪਾਰਟੀ ਨੇ ਅਜੇ ਖਾਤਾ ਨਹੀਂ ਖੋਲ੍ਹਿਆ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਮਿਲੀ ਇਕ ਸੀਟ, ਸੁੰਦਰਨਗਰ ਤੋਂ ਰਾਕੇਸ਼ ਕੁਮਾਰ ਜਿੱਤੇ
ਦੱਸ ਦੇਈਏ ਕਿ ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ ਨੂੰ ਚੋਣਾਂ ਹੋਈਆਂ ਸਨ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ EVM ’ਚ ਕੈਦ ਹੋ ਗਈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਤਿਹਾਸ ਰਚ ਦਿੱਤਾ।