ਹਿਮਾਚਲ ਪ੍ਰਦੇਸ਼ ''ਚ 4 ਅਪ੍ਰੈਲ ਤੱਕ ਬੰਦ ਰਹਿਣਗੀਆਂ ਸਿੱਖਿਆ ਸੰਸਥਾਵਾਂ

Friday, Mar 26, 2021 - 05:24 PM (IST)

ਹਿਮਾਚਲ ਪ੍ਰਦੇਸ਼ ''ਚ 4 ਅਪ੍ਰੈਲ ਤੱਕ ਬੰਦ ਰਹਿਣਗੀਆਂ ਸਿੱਖਿਆ ਸੰਸਥਾਵਾਂ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਵਿਡ 19 ਦੇ ਮਾਮਲਿਆਂ 'ਚ ਤੇਜ਼ੀ ਨਾਲ ਹੋਏ ਵਾਧੇ ਨੂੰ ਦੇਖਦੇ ਹੋਏ ਪ੍ਰਦੇਸ਼ ਸਰਕਾਰ ਨੇ ਸਾਰੀਆਂ ਕਾਲਜਾਂ, ਯੂਨੀਵਰਸਿਟੀਆਂ, ਤਕਨੀਕੀ ਸੰਸਥਾਵਾਂ ਅਤੇ ਸਕੂਲ ਆਉਣ ਵਾਲੀ 4 ਅਪ੍ਰੈਲ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਸੂਬੇ 'ਚ ਸਿਰਫ਼ ਉਹ ਸੰਸਥਾਵਾਂ ਖੁੱਲ੍ਹੀਆਂ ਰਹਿਣਗੀਆਂ, ਜਿਨ੍ਹਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਸ ਬਾਰੇ ਫ਼ੈਸਲਾ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ 'ਚ ਹੋਈ ਇਕ ਉੱਚ ਪੱਧਰੀ ਬੈਠਕ 'ਚ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਕੋਲ ਰਿਹਾਇਸ਼ੀ ਸਹੂਲਤਾਂ ਉਪਲੱਬਧ ਹਨ, ਉਨ੍ਹਾਂ ਨੂੰ ਆਪਣੇ ਹੋਸਟਲ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਰਿਹਾਇਸ਼ੀ ਹੋਸਟਲਾਂ 'ਚ ਕੋਵਿਡ-19 ਦਾ ਇਨਫੈਕਸ਼ਨ ਰੋਕਣ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਕ ਅਨੁਪਾਲਣਾ ਅਧਿਕਾਰੀ ਦੀ ਨਿਯੁਕਤੀ ਵੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਸਮੇਤ ਯੂਨੀਵਰਸਿਟੀ ਅਤੇ ਸਕੂਲ ਦਾ ਸਟਾਫ਼ ਨਿਯਮਿਤ ਰੂਪ ਨਾਲ ਆਪਣੀਆਂ ਸੰਸਥਾਵਾਂ 'ਚ ਆਉਣਾ ਜਾਰੀ ਰੱਖੇਗਾ।

ਠਾਕੁਰ ਨੇ ਕਿਹਾ ਕਿ ਸੂਬੇ 'ਚ ਕੋਈ ਵੀ ਸਮਾਜਿਕ ਅਤੇ ਸੰਸਕ੍ਰਿਤ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ ਅਤੇ ਬਾਹਰੀ ਪ੍ਰੋਗਰਾਮਾਂ 'ਚ 200 ਅਤੇ ਅੰਦਰੂਨੀ ਪ੍ਰੋਗਰਾਮਾਂ 'ਚ 50 ਫੀਸਦੀ ਤੱਕ ਲੋਕ ਸ਼ਾਮਲ ਹੋ ਸਕਣਗੇ। ਨਰਸਿੰਗ ਅਤੇ ਮੈਡੀਕਲ ਸੰਸਥਾ ਨਿਯਮਿਤ ਰੂਪ ਨਾਲ ਕੰਮ ਕਰਦੇ ਰਹਿਣਗੇ। ਮੰਦਰਾਂ ਦੇ ਅੰਦਰ ਲੰਗਰ ਅਤੇ ਧਾਰਮਿਕ ਆਯੋਜਨਾਂ 'ਤੇ ਪਾਬੰਦੀ ਰਹੇਗੀ ਅਤੇ ਸਿਰਫ਼ ਦਰਸ਼ਨ ਦੀ ਹੀ ਮਨਜ਼ੂਰੀ ਹੋਵੇਗੀ। ਉਨ੍ਹਾਂ ਅਨੁਸਾਰ ਪ੍ਰਦੇਸ਼ ਦੇ ਸਾਰੇ ਦਫ਼ਤਰਾਂ 'ਚ ਤਿੰਨ ਅਪ੍ਰੈਲ ਦੀ ਛੁੱਟੀ ਰਹੇਗੀ ਅਤੇ ਹੋਲੀ ਦਾ ਕੋਈ ਵੀ ਸਮਾਜਿਕ ਆਯੋਜਨ ਨਹੀਂ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਘਰ ਰਹਿ ਕੇ ਪਰਿਵਾਰ ਦੇ ਮੈਂਬਰਾਂ ਨਾਲ ਹੋਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਮੋਹਰੀ ਵਰਕਰਾਂ ਨੂੰ ਕੋਵਿਡ ਦੀ ਦੂਜੀ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਕੋਵਿਡ ਦੇ ਪਾਜ਼ੇਟਿਵ ਮਾਮਲਿਆਂ ਅਤੇ ਮੌਤ ਦਰ ਨੂੰ ਧਿਆਨ 'ਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸੰਬੰਧਤ ਜ਼ਿਲ੍ਹਿਆਂ 'ਚ ਵੱਧ ਪਾਬੰਦੀ ਲਗਾਉਣ ਲਈ ਉੱਚਿਤ ਕਦਮ ਉਠਾ ਸਕਦੇ ਹਨ।


author

DIsha

Content Editor

Related News