ਬਰਫ਼ਬਾਰੀ ਨੇ ਪਹਾੜਾਂ ਦੀ ਖੂਬਸੂਰਤੀ ਨੂੰ ਲਾਏ ਚਾਰ ਚੰਨ, ਵੇਖੋ ਹਿਮਾਚਲ ਦੀਆਂ ਤਸਵੀਰਾਂ
Sunday, Nov 01, 2020 - 06:13 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ ਅਤੇ ਕਈ ਇਲਾਕਿਆਂ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਸ਼ਨੀਵਾਰ ਤੋਂ ਬਾਅਦ ਅੱਜ ਐਤਵਾਰ ਨੂੰ ਵੀ ਲਾਹੌਲ-ਸਪੀਤੀ 'ਚ ਵੀ ਬਰਫ਼ਬਾਰੀ ਹੋਈ। ਬਰਫ਼ਬਾਰੀ ਹੋਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਪਾਰਾ ਹੇਠਾਂ ਡਿੱਗ ਗਿਆ ਹੈ।
ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਦੇ ਜਿਸਪਾ ਪਿੰਡ 'ਚ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਪਹਾੜ ਬਰਫ਼ ਦੀ ਚਾਦਰ ਨਾਲ ਢੱਕੇ ਹੋਏ ਨਜ਼ਰ ਆਏ। ਬਰਫ਼ਬਾਰੀ ਅਤੇ ਪਾਰਾ ਡਿੱਗਣ ਕਾਰਨ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਇਆ। ਠੰਡ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ।
ਬਰਫ਼ ਪੈਣ ਨਾਲ ਹਿਮਾਚਲ ਦੀਆਂ ਵਾਦੀਆਂ, ਪਹਾੜਾਂ ਦੀ ਖੂਬਸੂਰਤੀ ਹੋਰ ਜ਼ਿਆਦਾ ਵੱਧ ਗਈ ਹੈ। ਲਾਹੌਲ-ਸਪੀਤੀ ਵਿਚ ਜ਼ਿੰਗ-ਜ਼ਿੰਗ ਬਾਰ ਅਤੇ ਬਾਰਾਲਾਚਾ ਪਾਸ 'ਚ ਵੀ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਪਾਰਾ ਸਿਫਰ ਤੋਂ ਹੇਠਾਂ ਜਾ ਚੁੱਕਾ ਹੈ। ਭਾਰਤੀ ਮੌਸਮ ਮਹਿਕਮੇ ਨੇ ਖ਼ਦਸ਼ਾ ਜਤਾਇਆ ਹੈ ਕਿ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਖੇਤਰਾਂ 'ਚ ਪਾਰਾ ਡਿੱਗ ਸਕਦਾ ਹੈ।
ਦੱਸ ਦੇਈਏ ਕਿ ਲਾਹੌਲ-ਸਪੀਤੀ ਦੇ ਹੈੱਡਕੁਆਰਟਰ ਕੇਲਾਂਗ ਸਮੇਤ ਕਈ ਇਲਾਕਿਆਂ ਵਿਚ ਬੀਤੇ ਦਿਨੀਂ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮਨਾਲੀ-ਲੇਹ ਮਾਰਗ ਤੱਕ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਗਈ ਹੈ।