ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ ''ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ
Friday, Jan 21, 2022 - 12:05 PM (IST)
 
            
            ਨੈਸ਼ਨਲ ਡੈਸਕ- ਬਿਹਾਰ ਦੇ ਵੈਸ਼ਾਲੀ ਜ਼ਿਲ੍ਹਾ ਸਥਿਤ ਸਦਰ ਹਸਪਤਾਲ 'ਚ ਜਦੋਂ ਡਾਕਟਰਾਂ ਨੇ ਇਕ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤਾਂ ਉਸ ਦਾ ਪਤੀ ਕਾਫ਼ੀ ਦੇਰ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਉਸ ਨੂੰ ਕੋਈ ਮਦਦ ਨਹੀਂ ਮਿਲੀ। ਇਸ ਤੋਂ ਬਾਅਦ ਉਹ ਲਾਚਾਰ ਪਤੀ ਆਪਣੀ ਪਤਨੀ ਦੀ ਲਾਸ਼ ਮੋਢੇ 'ਤੇ ਰੱਖ ਕੇ ਹੀ ਸ਼ਮਸ਼ਾਨ ਵੱਲ ਨਿਕਲ ਪਿਆ। ਜਿਸ ਦੀ ਭਾਵੁਕ ਕਰਨ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਇਹ ਘਟਨਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹਾ ਸਥਿਤ ਸਦਰ ਹਸਪਤਾਲ ਦੀ ਹੈ, ਜਿੱਥੇ ਵੀਰਵਾਰ ਨੂੰ ਇਕ ਸ਼ਖ਼ਸ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪਹੁੰਚਿਆ ਪਰ ਡਾਕਟਰਾਂ ਨੇ ਔਰਤ ਨੂੰ ਦੇਖਦੇ ਹੋਏ ਮ੍ਰਿਤਕ ਐਲਾਨ ਕਰ ਦਿੱਤਾ। ਅਜਿਹੇ 'ਚ ਸ਼ਖ਼ਸ ਮ੍ਰਿਤਕ ਪਤਨੀ ਨੂੰ ਲੈਕੇ ਜਾਣ ਲਈ ਸਰਕਾਰੀ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ। ਕਾਫ਼ੀ ਦੇਰ ਬਾਅਦ ਵੀ ਜਦੋਂ ਹਸਪਤਾਲ ਪ੍ਰਬੰਧਨ ਵਲੋਂ ਐਂਬੂਲੈਂਸ ਨਹੀਂ ਦਿੱਤੀ ਗਈ ਤਾਂ ਲਾਚਾਰ ਪਤੀ ਪਤਨੀ ਦੀ ਲਾਸ਼ ਮੋਢੇ 'ਤੇ ਚੁੱਕ ਕੇ ਸ਼ਮਸ਼ਾਨ ਵੱਲ ਤੁਰ ਪਿਆ। ਇਸ ਦੌਰਾਨ ਹਸਪਤਾਲ ਦੇ ਸਾਰੇ ਕਰਮੀ ਤਮਾਸ਼ਾ ਦੇਖਦੇ ਰਹੇ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ।
ਉੱਥੇ ਹੀ ਇਸ ਦੌਰਾਨ ਉੱਥੇ ਮੌਜੂਦ ਕਿਸੇ ਸ਼ਖ਼ਸ਼ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾਇਆ ਅਤੇ ਵਾਇਰਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਵੀਡੀਓ 'ਚ ਦਿੱਸ ਰਿਹਾ ਸ਼ਖ਼ਸ ਬਿਦੁਪੁਰ ਦੇ ਰਾਮਧੌਲੀ ਦਾ ਰਹਿਣ ਵਾਲਾ ਕ੍ਰਿਸ਼ਨ ਕੁਮਾਰ ਹੈ, ਜੋ ਆਪਣੀ ਪਤਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਵਲ ਸਰਜਨ ਅਖਿਲੇਸ਼ ਕੁਮਾਰ ਮੋਹਨ ਨੇ ਕਿਹਾ ਕਿ ਆਨ ਡਿਊਟੀ ਡਾਕਟਰ ਵਲੋਂ ਦੇਖਣ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨਿਆ ਗਿਆ ਅਤੇ ਅੱਗੇ ਦੀ ਕਾਰਵਾਈ ਲਈ ਉਸ ਨੂੰ ਰੁਕਣ ਲਈ ਬੋਲਿਆ ਗਿਆ ਸੀ ਪਰ ਉਹ ਨਹੀਂ ਰੁਕਿਆ ਤਾਂ ਖ਼ੁਦ ਹੀ ਲਾਸ਼ ਲੈ ਕੇ ਚੱਲਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            