ਮੁਰਗਾ ਨਹੀਂ ਦਿੱਤਾ ਤਾਂ ‘ਹਰਿਆਣਵੀ ਨਿਹੰਗ’ ਨੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ
Friday, Oct 22, 2021 - 10:42 AM (IST)
ਸੋਨੀਪਤ (ਦੀਕਸ਼ਿਤ)– ਇਕ ਵਾਰ ਮੁੜ ਨਿਹੰਗ ਵਿਵਾਦਾਂ ’ਚ ਹਨ ਪਰ ਇਸ ਵਾਰ ਵਿਵਾਦ ਦਾ ਕਾਰਣ ਇਕ ‘ਹਰਿਆਣਵੀ ਨਿਹੰਗ’ ਹੈ। ਦੋਸ਼ ਹੈ ਕਿ ਮੁਰਗਿਆਂ ਨਾਲ ਭਰੀ ਗੱਡੀ ਲੈ ਕੇ ਜਾ ਰਹੇ ਡਰਾਈਵਰ ਤੋਂ ਦੋਸ਼ੀ ਨੇ ਇਕ ਮੁਰਗਾ ਮੰਗਿਆ। ਜਦੋਂ ਡਰਾਈਵਰ ਨੇ ਉਸ ਨੂੰ ਮੁਰਗਾ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਵੀਡੀਓ ਵਾਇਰਲ ਹੋਈ ਤਾਂ ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਦੋਸ਼ੀ ਨਿਹੰਗ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਪੁੱਛ-ਗਿੱਛ ’ਚ ਖੁਲਾਸਾ ਹੋਇਆ ਕਿ ਦੋਸ਼ੀ ਹਰਿਆਣਾ ਦੇ ਕਰਨਾਲ ਦਾ ਵਾਸੀ ਹੈ ਅਤੇ ਅਪ੍ਰੈਲ ਤੋਂ ਨਿਹੰਗ ਬਣ ਕੇ ਕੁੰਡਲੀ ਬਾਰਡਰ ’ਤੇ ਨਿਹੰਗਾਂ ਦੇ ਡੇਰੇ ’ਚ ਰਹਿ ਰਿਹਾ ਸੀ। ਕੁੰਡਲੀ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੇ ਟੈਂਟ ਹਟਾਉਣੇ ਕੀਤੇ ਸ਼ੁਰੂ, ਦਿੱਲੀ ਜਾਣਾ ਹੋਵੇਗਾ ਆਸਾਨ
ਕੁੰਡਲੀ ਬਾਰਡਰ ਦੀ ਘਟਨਾ, 6 ਮਹੀਨਿਆਂ ਤੋਂ ਨਿਹੰਗ ਬਣ ਕੇ ਡੇਰੇ ’ਚ ਸ਼ਾਮਲ ਸੀ ਦੋਸ਼ੀ
ਬਿਹਾਰ ਦੇ ਜ਼ਿਲ੍ਹਾ ਦਰਬੰਗਾ ਦੇ ਪਿੰਡ ਕਨਹੌਠੀ ਪਿੰਡ ਦੇ ਮਨੋਜ ਪਾਸਵਾਨ ਨੇ ਪੁਲਸ ਨੂੰ ਦੱਸਿਆ ਕਿ ਵੀਰਵਾਰ ਨੂੰ ਉਹ ਗੱਡੀ ’ਚ ਮੁਰਗੇ ਲੈ ਕੇ ਕੁੰਡਲੀ ਵੱਲ ਆ ਰਿਹਾ ਸੀ ਕਿ ਇਸ ਦਰਮਿਆਨ ਬਾਬਾ ਅਮਨ ਸਿੰਘ ਡੇਰੇ ਦੇ ਨਿਹੰਗ ਸਿੱਖ ਨਵੀਨ ਸੰਧੂ ਨੇ ਉਸ ਦਾ ਰਸਤਾ ਰੋਕ ਕੇ ਮੁਰਗਾ ਦੇਣ ਨੂੰ ਕਿਹਾ। ਜਦੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਉਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਪੈਰ ਦੀ ਹੱਡੀ ’ਚ ਫ੍ਰੈਕਚਰ ਆ ਗਿਆ। ਮਨੋਜ ਨੇ ਦੱਸਿਆ ਕਿ ਉਸ ਨੂੰ ਬੀੜੀ ਪੀਣ ਦਾ ਦੋਸ਼ ਲਗਾ ਕੇ ਕੁੱਟਿਆ ਗਿਆ। ਉਸ ਦੇ ਸਾਥੀ ਪੱਪੂ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਸੰਯੁਕਤ ਕਿਸਾਨ ਮੋਰਚਾ ਦੇ ਕੁੱਝ ਵਾਲੰਟੀਅਰਾਂ ਅਤੇ ਕਿਸਾਨਾਂ ਨੇ ਬਣਾ ਲਈ। ਮਾਮਲਾ ਵਧਦਾ ਦੇਖ ਨਿਹੰਗ ਰਾਜਾ ਰਾਜ ਸਿੰਘ, ਬਾਬਾ ਧਰਮ ਸਿੰਘ, ਬਾਬਾ ਗੁਰਸੇਵਕ ਅਤੇ ਹੋਰ ਮੌਕੇ ’ਤੇ ਪਹੁੰਚੇ। ਨਿਹੰਗ ਜਥੇਦਾਰ ਰਾਜਾ ਰਾਜ ਸਿੰਘ ਨੇ ਕੁੰਡਲੀ ਥਾਣਾ ਪੁਲਸ ਨੂੰ ਸੂਚਨਾ ਦਿੱਤੀ ਅਤੇ ਦੋਸ਼ੀ ਨਵੀਨ ਸੰਧੂ ਨੂੰ ਪੁਲਸ ਨੂੰ ਸੌਂਪ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ