ਹਰਿਆਣਾ: ਵਿਆਹ ਦੇ 7 ਸਾਲ ਬਾਅਦ ਜਨਮੀ ਧੀ; ਪੁੱਤਰ ਦੀ ਖ਼ਵਾਇਸ਼ ''ਚ ਪਿਓ ਨੇ ਕਰ ਦਿੱਤਾ ਖ਼ੌਫ਼ਨਾਕ ਕਾਰਾ
Wednesday, Sep 30, 2020 - 01:40 PM (IST)
ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ 'ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੇਰਹਿਮ ਬਾਪ ਨੇ ਆਪਣੀ 4 ਦਿਨ ਦੀ ਧੀ ਦਾ ਕਤਲ ਕਰ ਦਿੱਤਾ। ਪਿਤਾ ਬੇਟਾ ਚਾਹੁੰਦਾ ਸੀ, ਇਸ ਲਈ ਉਸ ਨੇ ਬੱਚੀ 'ਤੇ ਦੋਵੇਂ ਲੱਤਾਂ ਰੱਖ ਦਿੱਤੀਆਂ। ਭਾਰ ਪੈਣ ਕਾਰਨ ਬੱਚੀ ਸਾਹ ਨਹੀਂ ਲੈ ਸਕੀ ਅਤੇ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੈ। ਦੋਸ਼ੀ ਦੀ ਪਤਨੀ ਕਿਸੇ ਤਰ੍ਹਾਂ ਤੜਕੇ 3 ਵਜੇ ਯਮੁਨਾਨਗਰ ਥਾਣੇ ਪਹੁੰਚੀ। ਇੱਥੇ ਮਾਮਲੇ ਦੀ ਸ਼ਿਕਾਇਤ ਪੁਲਸ 'ਚ ਦਿੱਤੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਬੱਚੀ ਦੀ ਮਾਂ ਨੇ ਪੁਲਸ 'ਚ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਯੂ.ਪੀ. ਦੇ ਥਾਣਾ ਭਵਨ ਦੀ ਰਹਿਣ ਵਾਲੀ ਹੈ। ਇੱਥੇ ਕਿਰਾਏ 'ਤੇ ਰਹਿੰਦੀ ਹੈ। ਉਸ ਦਾ ਵਿਆਹ ਨੀਰਜ ਨਾਲ ਹੋਇਆ ਸੀ। ਕਈ ਸਾਲ ਤੱਕ ਉਨ੍ਹਾਂ ਨੂੰ ਕੋਈ ਬੱਚਾ ਪੈਦਾ ਨਹੀਂ ਹੋਇਆ। 7 ਸਾਲ ਬਾਅਦ 24 ਸਤੰਬਰ 2020 ਨੂੰ ਧੀ ਪੈਦਾ ਹੋਈ। ਉਸ ਦਾ ਨਾਂ ਉਨ੍ਹਾਂ ਨੇ ਕਾਕੀ ਰੱਖਿਆ ਸੀ। ਉਸ ਨੇ ਦੋਸ਼ ਲਗਾਇਆ ਕਿ 28 ਸਤੰਬਰ ਨੂੰ ਪਤੀ ਘਰ 'ਤੇ ਨਸ਼ਾ ਕਰ ਕੇ ਆਇਆ ਸੀ। ਉਹ ਬੈੱਡ 'ਤੇ ਬੱਚੀ ਕੋਲ ਲੇਟ ਗਿਆ ਅਤੇ ਬੱਚੀ 'ਤੇ ਲੱਤਾਂ ਰੱਖ ਦਿੱਤੀਆਂ। ਕੁਝ ਦੇਰ ਬਾਅਦ ਜਦੋਂ ਉਸ ਨੇ ਬੱਚੀ ਨੂੰ ਦੇਖਿਆ ਤਾਂ ਕੱਢਿਆ ਪਰ ਉਦੋਂ ਤੱਕ ਮਾਸੂਮ ਦੀ ਮੌਤ ਹੋ ਚੁਕੀ ਸੀ।
ਪਤਨੀ ਨੇ ਦੱਸਿਆ ਕਿ ਇਸ ਤੋਂ ਬਾਅਦ ਨੀਰਜ ਮੌਕੇ 'ਤੇ ਫਰਾਰ ਹੋ ਗਿਆ। ਉਸ ਦਾ ਦੋਸ਼ ਹੈ ਕਿ ਪਤੀ ਨੀਰਜ ਬੇਟਾ ਚਾਹੁੰਦਾ ਸੀ ਪਰ ਧੀ ਹੋਈ ਤਾਂ ਉਹ ਗੁੱਸੇ 'ਚ ਆ ਗਿਆ ਸੀ। ਦੋਸ਼ੀ ਕਹਿੰਦਾ ਸੀ ਕਿ ਧੀ ਦੇ ਵਿਆਹ ਲਈ ਉਹ ਪੈਸੇ ਕਿੱਥੋਂ ਲੈ ਕੇ ਆਏਗਾ। ਪਤੀ ਮਜ਼ਦੂਰੀ ਕਰਦਾ ਹੈ। ਦੂਜੇ ਪਾਸੇ ਦੋਸ਼ੀ ਦੇ ਭਰਾ ਦੀਪਕ ਨੇ ਕਿਹਾ ਕਿ ਉਸ ਦੇ ਭਰਾ ਨੇ ਬੱਚੀ ਦਾ ਕਤਲ ਨਹੀਂ ਕੀਤਾ। ਭਰਾ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਪੁਲਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਬਾਪ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਦਰ ਯਮੁਨਾਨਗਰ ਥਾਣਾ ਇੰਚਾਰਜ ਸੁਭਾਸ਼ ਚੰਦ ਨੇ ਦੱਸਿਆ ਕਿ ਦੋਸ਼ੀ ਨੀਰਜ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ।