ਸੈਲੂਨ ਤੋਂ ਮਹੀਨਾ ਵਸੂਲੀ ''ਚ SHO ਸਸਪੈਂਡ, ਹੋਮਗਾਰਡ ਗ੍ਰਿਫਤਾਰ

12/13/2019 4:31:48 PM

ਚੰਡੀਗੜ੍ਹ—ਔਰਤਾਂ ਖਿਲਾਫ ਵੱਧਦੇ ਅਪਰਾਧਾਂ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਹੈ ਪਰ ਇਨ੍ਹਾਂ ਅਪਰਾਧਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਪੁਲਸ ਦੀ ਹੁੰਦੀ ਹੈ ਪਰ ਜੇਕਰ ਪੁਲਸ ਹੀ ਔਰਤਾਂ ਨਾਲ ਬਦਸਲੂਕੀ ਅਤੇ ਪੈਸਾ ਵਸੂਲੀ 'ਤੇ ਉਤਰ ਆਵੇ ਤਾਂ ਉੱਥੇ ਔਰਤਾਂ ਦੀ ਸੁਰੱਖਿਆ ਕਿਵੇ ਹੋਵੇਗੀ। ਅਜਿਹਾ ਹੀ ਹੁਣ ਨਵਾਂ ਮਾਮਲਾ ਹਰਿਆਣਾ 'ਚੋਂ ਸਾਹਮਣੇ ਆਇਆ ਹੈ। ਦਰਅਸਲ ਪੰਚਕੂਲਾ 'ਚ ਇੱਕ ਸਪਾ ਸੈਲੂਨ ਦੀ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਪੰਚਕੂਲਾ ਸੈਕਟਰ 5 ਥਾਣੇ ਦੇ ਐੱਸ.ਐੱਚ.ਓ. ਰਵੀਕਾਂਤ ਸ਼ਰਮਾ ਨੂੰ ਡਿਪਟੀ ਪੁਲਸ ਕਮਿਸ਼ਨਰ ਕਮਲਦੀਪ ਗੋਇਲ ਨੇ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਹੋਮਗਾਰਡ ਜਸ਼ਨ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਐੱਸ.ਐੱਚ.ਓ. ਰਵੀਕਾਂਤ ਸ਼ਰਮਾ ਅਤੇ ਜਸ਼ਨ ਲਾਲ 'ਤੇ ਦੋਸ਼ ਹੈ ਕਿ ਉਹ ਸੈਲੂਨ ਤੋਂ ਮਹੀਨਾ ਵਸੂਲੀ ਕਰਦੇ ਸੀ। ਇਸ ਦੇ ਨਾਲ ਹੀ ਸੈਲੂਨ ਦੀ ਮਹਿਲਾ ਮੈਨੇਜਰ ਨਾਲ ਬਦਸਲੂਕੀ ਅਤੇ ਛੇੜ-ਛਾੜ ਵੀ ਕਰਦੇ ਹੋਏ ਜਸ਼ਨ ਲਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਸੈਲੂਨ ਮਾਲਕ ਵੱਲੋਂ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਸੈਲੂਨ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ 'ਚ ਸਾਫ ਦੇਖਿਆ ਗਿਆ ਹੈ ਕਿ ਹੋਮਗਾਰਡ ਜਸ਼ਨ ਲਾਲ ਮਹਿਲਾ ਮੈਨੇਜਰ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟ ਰਿਹਾ ਹੈ ਅਤੇ ਇੱਕ ਹੋਰ ਵੀਡੀਓ 'ਚ ਜਸ਼ਨ ਲਾਲ ਉਸੇ ਮਹਿਲਾ ਮੈਨੇਜਰ ਤੋਂ ਪੈਸੇ ਵਸੂਲ ਕਰਦਾ ਵੀ ਨਜ਼ਰ ਆ ਰਿਹਾ ਹੈ।

ਸਪਾ ਸੈਲੂਨ ਦੀ ਮਾਲਕ ਨੇ ਦੋਸ਼ ਲਗਾਇਆ ਹੈ ਕਿ ਐੱਸ.ਐੱਚ.ਓ ਹਰ ਮਹੀਨੇ 10,000 ਰੁਪਏ ਦੀ ਵਸੂਲੀ ਕਰਦਾ ਸੀ ਅਤੇ ਹੁਣ ਇਸ ਨੂੰ ਵਧਾ ਕੇ 20,000 ਰੁਪਏ ਦੀ ਮੰਗ ਕਰ ਰਿਹਾ ਸੀ। ਮਾਹਰਾਂ ਮੁਤਾਬਕ ਉਨ੍ਹਾਂ ਵੱਲੋਂ ਹੋਰ ਸੈਲੂਨਾਂ ਤੋਂ ਵੀ ਅਜਿਹੀ ਵਸੂਲੀ ਕੀਤੀ ਜਾਂਦੀ ਸੀ।

ਪੰਚਕੂਲਾ ਦੇ ਡੀ.ਸੀ.ਪੀ ਕਮਲਦੀਪ ਗੋਇਲ ਨੇ ਹੋਮਗਾਰਡ ਦੀ ਗ੍ਰਿਫਤਾਰੀ ਅਤੇ ਐੱਸ.ਐੱਚ.ਓ ਸ਼ਰਮਾ ਨੂੰ ਸਸਪੈਂਡ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਐੱਫ.ਆਈ.ਆਰ ਦਰਜ ਕਰ ਲਈ ਹੈ ਅਤੇ ਹੋਮਗਾਰਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਸੀ.ਸੀ. ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।


Iqbalkaur

Content Editor

Related News