ਪ੍ਰਾਈਵੇਟ ਖੇਤਰ ''ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ

07/07/2020 4:51:59 PM

ਹਰਿਆਣਾ (ਵਾਰਤਾ)— ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਹਰਿਆਣਾ ਸਰਕਾਰ ਦੇ ਪ੍ਰਾਈਵੇਟ ਖੇਤਰ 'ਚ ਸਥਾਨਕ ਨੌਜਵਾਨਾਂ ਲਈ 75 ਫੀਸਦੀ ਰਿਜ਼ਰਵੇਸ਼ਨ ਦੇ ਦਾਅਵੇ ਨੂੰ ਲੈ ਕੇ ਅੱਜ ਕਿਹਾ ਕਿ ਪ੍ਰਾਈਵੇਟ ਖੇਤਰ 'ਚ ਨੌਕਰੀਆਂ ਹੀ ਨਹੀਂ ਬਚੀਆਂ ਹਨ ਤਾਂ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ। ਹਰਿਆਣਾ ਕੈਬਨਿਟ ਦੀ ਕੱਲ ਦੀ ਬੈਠਕ ਵਿਚ ਸਰਕਾਰ ਦੇ ਇਸ ਉਦੇਸ਼ ਲਈ ਆਰਡੀਨੈਂਸ ਲਿਆਉਣ ਦਾ ਐਲਾਨ ਕੀਤਾ ਸੀ। ਪ੍ਰਦੇਸ਼ ਦੀ ਗਠਜੋੜ ਸਰਕਾਰ ਵਿਚ ਸ਼ਾਮਲ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦਾ ਇਹ ਚੁਣਾਵੀ ਵਾਅਦਾ ਸੀ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਪ੍ਰਦੇਸ਼ ਵਿਚ ਬੇਰੋਜ਼ਗਾਰੀ ਬਹੁਤ ਵੱਧ ਰਹੀ ਹੈ। ਪ੍ਰਾਈਵੇਟ ਖੇਤਰ 'ਚ ਨੌਕਰੀਆਂ ਬਚੀਆਂ ਹੀ ਨਹੀਂ ਹਨ ਅਤੇ ਕੋਵਿਡ-19 ਅਤੇ ਤਾਲਾਬੰਦੀ ਤੋਂ ਬਾਅਦ ਕਾਫੀ ਵੱਡੇ ਪੱਧਰ 'ਤੇ ਸਾਲਾਂ ਤੋਂ ਕੰਮ ਕਰ ਰਹੇ ਲੋਕਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਨੋਮੀ ਦੇ ਤਾਜ਼ਾ ਅੰਕੜੇ ਇਸ ਦੇ ਗਵਾਹ ਹਨ।

ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਪ੍ਰਾਈਵੇਟ ਕੰਪਨੀਆਂ 'ਚ ਸਥਾਨਕ ਲੋਕਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ

ਸ਼ੈਲਜਾ ਨੇ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਖਰਚ ਕੇ ਨਿਵੇਸ਼ ਸੰਮੇਲਨਾਂ ਦਾ ਆਯੋਜਨ ਕਰਦੀ ਹੈ ਪਰ ਪ੍ਰਦੇਸ਼ 'ਚ ਬੇਰੋਜ਼ਗਾਰੀ ਵੱਧ ਹੀ ਰਹੀ ਹੈ ਤਾਂ ਸਵਾਲ ਉਠਦਾ ਹੈ ਕਿ ਅਜਿਹੇ ਨਿਵੇਸ਼ ਕਿੱਥੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਕਤ ਸਾਰੇ ਤੱਥ ਦਰਸਾਉਂਦੇ ਹਨ ਕਿ ਸਰਕਾਰ ਦਾ ਇਹ ਫੈਸਲਾ ਦਿਖਾਵਟੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਸ਼ਾਸਨ ਵਿਚ ਪ੍ਰਦੇਸ਼ 'ਚ ਲੱਖਾਂ ਛੋਟੇ-ਵੱਡੇ ਉਦਯੋਗ ਲੱਗੇ ਸਨ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਦਯੋਗ ਠੱਪ ਹੋ ਰਹੇ ਹਨ। ਕੰਪਨੀਆਂ ਸੂਬੇ ਤੋਂ ਬਾਹਰ ਜਾ ਰਹੀਆਂ ਹਨ। ਉਨ੍ਹਾਂ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰੀ ਨੌਕਰੀਆਂ ਦਾ ਵੀ ਬੁਰਾ ਹਾਲ ਹੈ। ਹਾਲ ਹੀ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਨਿਯੁਕਤੀਆਂ ਇਕ ਸਾਲ ਲਈ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਕਾਂਗਰਸ ਦੇ ਵਿਰੋਧ ਤੋਂ ਬਾਅਦ ਉਹ ਪਿੱਛੇ ਹਟੇ।


Tanu

Content Editor

Related News