ਹਰਿਆਣਾ ਸਰਕਾਰ ਨੇ ਕੀਤੇ ਸਥਾਈ ਨੌਕਰੀਆਂ ਦੇਣ ਦੇ ਸਾਰੇ ਰਸਤੇ ਬੰਦ: ਅਭੈ ਚੌਟਾਲਾ
Tuesday, Jan 03, 2023 - 04:10 PM (IST)
ਚੰਡੀਗੜ੍ਹ- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਨੇਤਾ ਅਤੇ ਵਿਧਾਇਕ ਅਭੈ ਚੌਟਾਲਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਹਰਿਆਣਾ ਦੀ ਭਾਜਪਾ-ਜਨਨਾਇਕ ਜਨਤਾ ਪਾਰਟੀ ਗਠਜੋੜ ਸਰਕਾਰ ਨੇ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸਥਾਈ ਨੌਕਰੀਆਂ ਦੇਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਚੌਟਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਅੰਕੜਿਆਂ ਮੁਤਾਬਕ ਪ੍ਰਦੇਸ਼ ਵਿਚ ਬੇਰੁਜ਼ਗਾਰੀ ਦਰ 37.4 ਫ਼ੀਸਦੀ 'ਤੇ ਪਹੁੰਚ ਗਈ ਹੈ।
ਚੌਟਾਲਾ ਨੇ ਦੋਸ਼ ਲਾਇਆ ਕਿ ਸਰਕਾਰੀ ਨੌਕਰੀ ਮੁਹੱਈਆ ਕਰਵਾਉਣ ਵਾਲੀ ਸੰਵਿਧਾਨਕ ਅਤੇ ਕਾਨੂੰਨੀ ਸੰਸਥਾਵਾਂ ਜਿਵੇਂ ਐੱਚ. ਪੀ. ਐਸ. ਸੀ. ਅਤੇ ਐਚ. ਐਸ. ਐਸ. ਸੀ. ਨੂੰ ਬਿਲਕੁਲ ਨਕਾਰਾ ਕਰ ਦਿੱਤਾ ਹੈ। ਕੌਸ਼ਲ ਰੋਜ਼ਗਾਰ ਨਿਗਮ ਰਾਹੀਂ ਕੱਚੀਆਂ ਨੌਕਰੀਆਂ ਦੇ ਕੇ ਵਾਹ-ਵਾਹ ਲੁੱਟਣ ਦੀ ਕਵਾਇਦ ਵਿੱਚ ਲਗੇ ਹੋਏ ਹਨ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿਛਲੇ 8 ਸਾਲਾਂ 'ਚ ਮਨੋਹਰ ਲਾਲ ਸਰਕਾਰ ਨੇ ਭਰਤੀ ਪ੍ਰੀਖਿਆਵਾਂ ਦੀ ਅਰਜ਼ੀ ਫੀਸ ਦੇ ਨਾਂ ’ਤੇ ਬੇਰੁਜ਼ਗਾਰ ਨੌਜਵਾਨਾਂ ਤੋਂ 206 ਕਰੋੜ ਰੁਪਏ ਲਏ ਹਨ ਪਰ ਰੈਗੂਲਰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ। ਇਨੈਲੋ ਆਗੂ ਨੇ ਕਿਹਾ ਕਿ ਹਿਸਾਰ ਦੂਰਦਰਸ਼ਨ ਕੇਂਦਰ ਨੂੰ ਬੰਦ ਕਰਨ ਵਰਗੇ ਫ਼ੈਸਲੇ ਲੈ ਕੇ ਨੌਕਰੀਆਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।