ਦੁੱਗਣੀ ਕੀਮਤ ਵਸੂਲ ਰਿਹੈ ਚੀਨ, ਹਰਿਆਣਾ ਸਰਕਾਰ ਨੇ ਰੱਦ ਕੀਤਾ 1 ਲੱਖ ਰੈਪਿਡ ਕਿੱਟਾਂ ਦਾ ਆਰਡਰ

04/22/2020 3:55:47 PM

ਚੰਡੀਗੜ੍ਹ-ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਦੇਸ਼ 'ਚ ਵੱਧਦਾ ਹੀ ਜਾ ਰਿਹਾ ਹੈ ਅਤੇ ਇਸ ਦੌਰਾਨ ਚੀਨ ਤੋਂ ਆਈ ਰੈਪਿਡ ਟੈਸਟ ਕਿੱਟ ਵੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕਈ ਸੂਬਿਆਂ ਨੇ ਇਸ ਦੀ ਕੁਆਲਿਟੀ 'ਤੇ ਸਵਾਲ ਚੁੱਕੇ ਹਨ। ਹੁਣ ਤਾਜ਼ਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੂਬਾ ਸਰਕਾਰ ਨੇ ਚੀਨੀ ਕੰਪਨੀ ਨੂੰ ਦਿੱਤੇ 1 ਲੱਖ ਰੈਪਿਡ ਕਿੱਟ ਦੇ ਆਰਡਰ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਸਾਊਥ ਕੋਰੀਆ ਦੀ ਕੰਪਨੀ ਤੋਂ ਲੈਣ ਦਾ ਫੈਸਲਾ ਲਿਆ ਹੈ। 

ਹਰਿਆਣਾ ਸਰਕਾਰ 'ਚ ਮਾਹਰਾਂ ਮੁਤਾਬਕ ਚੀਨ ਤੋਂ ਜੋ ਰੈਪਿਡ ਟੈਸਟ ਕਿੱਟ ਲਈ ਜਾ ਰਹੀ ਹੈ ਉਸ ਦੀ ਕੀਮਤ 780 ਰੁਪਏ ਹੈ ਪਰ ਇਹ ਕੀਮਤ ਹਰਿਆਣਾ ਦੇ ਹੀ ਮਾਨੇਸਰ 'ਚ ਮੌਜੂਦ ਸਾਊਥ ਕੋਰੀਆਈ ਕੰਪਨੀ ਦੀ ਬ੍ਰਾਂਚ ਤੋਂ ਲਗਭਗ ਦੁੱਗਣੀ ਹੈ। ਸਾਊਥ ਕੋਰਿਆਈ ਕੰਪਨੀ ਸਿਰਫ 380 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਦੇ ਰਹੀ ਹੈ। ਅਜਿਹੇ 'ਚ ਹੁਣ ਇਸ ਕੰਪਨੀ ਤੋਂ ਕਿੱਟ ਮੰਗਵਾਉਣ ਦਾ ਫੈਸਲਾ ਹੋਇਆ ਹੈ, ਜਿਸ ਕਾਰਨ ਸਰਕਾਰ ਦੇ ਕੁੱਲ 4 ਕਰੋੜ ਰੁਪਏ ਬਚਣਗੇ। 

ਸੂਬਾ ਸਰਕਾਰ 'ਚ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਅਸੀਂ ਚੀਨ ਤੋਂ ਰੈਪਿਡ ਕਿੱਟ ਮੰਗਵਾਉਣ ਦਾ ਫੈਸਲਾ ਕੀਤਾ ਸੀ ਪਰ ਇਹ ਸਾਨੂੰ ਕਾਫੀ ਜ਼ਿਆਦਾ ਕੀਮਤ 'ਚ ਮਿਲ ਰਹੀ ਸੀ, ਇਸ ਲਈ ਅਸੀਂ ਚੀਨ ਦੇ ਆਰਡਰ ਨੂੰ ਰੱਦ ਕਰ ਦਿੱਤਾ ਹੈ ਅਤੇ ਸਾਊਥ ਕੋਰਿਆਈ ਕੰਪਨੀ ਤੋਂ ਕਿੱਟ ਲੈਣ ਦਾ ਫੈਸਲਾ ਲਿਆ ਹੈ। 25 ਹਜ਼ਾਰ ਕਿੱਟਾਂ ਸਾਨੂੰ ਮਿਲ ਚੁੱਕੀਆਂ ਹਨ। 

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮਾਨੇਸਰ 'ਚ ਸਾਊਥ ਕੋਰਿਆਈ ਕੰਪਨੀ ਦੁਆਰਾ ਬਣਾਈ ਜਾ ਰਹੀ ਰੈਪਿਡ ਕਿੱਟ ਨੂੰ ਆਈ.ਸੀ.ਐੱਮ.ਆਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਇਕ ਮਹੀਨੇ 'ਚ 10 ਮਿਲੀਅਨ ਕਿੱਟਾਂ ਬਣਾ ਸਕਦੀ ਹੈ। ਹਰਿਆਣਾ ਸਰਕਾਰ ਨੇ ਸੂਬੇ 'ਚ ਵੱਡੀ ਗਿਣਤੀ 'ਚ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। 

ਬੀਤੇ ਕੁਝ ਦਿਨਾਂ 'ਚ ਆਈ ਰੈਪਿਡ ਟੈਸਟ ਕਿੱਟ 'ਚ ਸ਼ਿਕਾਇਤਾਂ ਮਿਲੀਆਂ ਹਨ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਅਗਲੇ 2 ਦਿਨਾਂ ਲਈ ਇਨ੍ਹਾਂ ਕਿੱਟਾਂ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ 'ਚ ਮੌਜੂਦ ਚੀਨੀ ਦੂਤਾਵਾਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਭਾਰਤ ਦੇ ਦੁਆਰਾ ਚੁੱਕੀਆਂ ਜਾ ਰਹੀਆਂ ਸ਼ਿਕਾਇਤਾਂ 'ਤੇ ਉਹ ਹੱਲ ਕਰਨ ਲਈ ਤਿਆਰ ਹੈ।


Iqbalkaur

Content Editor

Related News