ਰੇਲਵੇ ਕਰਮੀ ਨੇ ਬਜ਼ੁਰਗ ਮਾਂ ਦਾ ਕਤਲ ਕਰ ਮਕਾਨ ਨੂੰ ਲਾਈ ਅੱਗ, ਫਿਰ ਕੀਤੀ ਖ਼ੁਦਕੁਸ਼ੀ
Saturday, Nov 13, 2021 - 06:15 PM (IST)
ਜੀਂਦ (ਭਾਸ਼ਾ)— ਹਰਿਆਣਾ ਦੇ ਜੀਂਦ ਵਿਚ ਇਕ ਰੇਲਵੇ ਕਰਮੀ ਨੇ ਸ਼ਨੀਵਾਰ ਤੜਕੇ ਬਜ਼ੁਰਗ ਮਾਂ ਦਾ ਕਤਲ ਕਰ ਕੇ ਮਕਾਨ ਨੂੰ ਅੱਗ ਲਾ ਦਿੱਤੀ ਅਤੇ ਬਾਅਦ ’ਚ ਟਰੇਨ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਮੁਖੀ ਧਰਮਬੀਰ ਸਿੰਘ ਨੇ ਦੱਸਿਆ ਕਿ ਰੇਲਵੇ ਕਰਮੀ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਅਤੇ ਉਹ ਫਿਰ ਮਕਾਨ ’ਚ ਅੱਗ ਲਾ ਕੇ ਫਰਾਰ ਹੋ ਗਿਆ। ਰੇਲਵੇ ਚੌਕੀ ਮੁਖੀ ਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਪਿੰਡ ਮੋਹਲਖੇੜਾ ਨੇੜੇ ਇਕ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਉਹ ਰੇਲਵੇ ਡੀ-ਗਰੁੱਪ ’ਚ ਵਰਕਰ ਸੀ। ਉਸ ’ਤੇ ਆਪਣੀ ਮਾਂ ਦਾ ਕਤਲ ਦਾ ਦੋਸ਼ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਰੇਲਵੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਮੁਤਾਬਕ ਰੇਲਵੇ ਕਾਲੋਨੀ ਦੇ ਵਾਸੀ 32 ਸਾਲਾ ਅਜੇ ਨੇ ਸ਼ਨੀਵਾਰ ਸਵੇਰ ਨੂੰ ਆਪਣੇ ਕੁਆਰਟਰ ’ਚ ਬਜ਼ੁਰਗ ਮਾਂ ਮਾਇਆ ਦੇਵੀ (65) ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਅਤੇ ਫਿਰ ਮਕਾਨ ’ਚ ਅੱਗ ਲਾ ਕੇ ਫਰਾਰ ਹੋ ਗਿਆ। ਮਕਾਨ ਨੂੰ ਅੱਗ ਲੱਗੀ ਵੇਖ ਕੇ ਗੁਆਂਢੀਆਂ ਨੇ ਘਟਨਾ ਦੀ ਜਾਣਕਾਰੀ ਫਾਇਰ ਬਿ੍ਰਗੇਡ ਨੂੰ ਦਿੱਤੀ। ਪੁਲਸ ਮੁਤਾਬਕ ਅੱਗ ਬੁਝਾਉਣ ਦੇ ਕ੍ਰਮ ਵਿਚ ਮਾਇਆ ਦੇਵੀ ਦੇ ਕਤਲ ਦਾ ਖ਼ੁਲਾਸਾ ਹੋਇਆ ਤਾਂ ਸ਼ਹਿਰ ਥਾਣਾ ਪੁਲਸ ਵੀ ਮੌਕੇ ’ਤੇ ਪਹੁੰਚ ਗਈ।
ਅਜੇ ਨੇ ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਟਰੇਨ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਰੀਬ ਦੋ ਮਹੀਨੇ ਤੋਂ ਅਜੇ ਬੀਮਾਰ ਅਤੇ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ। ਉਹ ਆਪਣੀ ਡਿਊਟੀ ’ਤੇ ਵੀ ਨਹੀਂ ਜਾ ਰਿਹਾ ਸੀ ਅਤੇ ਆਪਣੇ ਛੋਟੇ ਭਰਾ ਵਿਜੇ ਅਤੇ ਮਾਂ ਮਾਇਆ ਨਾਲ ਰੇਲਵੇ ਕਾਲੋਨੀ ਵਿਚ ਹੀ ਰਹਿ ਰਿਹਾ ਸੀ। ਦੋਵੇਂ ਭਰਾਵਾਂ ਦਾ ਹੀ ਆਪਣੀਆਂ-ਆਪਣੀਆਂ ਪਤਨੀਆਂ ਨਾਲ ਵਿਵਾਦ ਚਲ ਰਿਹਾ ਹੈ।