ਹਰਿਆਣਾ : ਨਾਬਾਲਗ ਭੈਣਾਂ ਨੂੰ ਅਗਵਾ ਕਰਨ ਵਾਲੇ ਮਾਮਾ- ਭਾਣਜਾ ਮਿਲੇ ਜਲੰਧਰੋਂ

01/11/2018 8:52:22 AM

ਯਮੁਨਾਨਗਰ — ਯਮੁਨਾਨਗਰ ਦੀ ਵਿਸ਼ਾਲ ਕਾਲੋਨੀ ਤੋਂ ਅਗਵਾ ਕੀਤੀਆਂ ਦੋ ਨਾਬਾਲਗ ਭੈਣਾਂ ਨੂੰ ਪੁਲਸ ਨੇ ਜਲੰਧਰ ਤੋਂ ਬਰਾਮਦ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਮਾਮੇ-ਭਾਣਜੇ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਮਾਮਾ-ਭਾਣਜਾ ਦੋਵੇਂ ਨਾਬਾਲਗ ਭੈਣਾਂ ਨੂੰ ਵਰਗਲਾ ਕੇ ਆਪਣੇ ਨਾਲ ਲੈ ਆਏ ਸਨ। ਦੋਸ਼ ਹੈ ਕਿ ਦੋਵੇਂ ਇਕ ਹਫਤੇ ਤੱਕ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਕਰਦੇ ਰਹੇ। ਪੁਲਸ ਨੇ ਦੋਵਾਂ ਭੈਣਾਂ ਦਾ ਮੈਡੀਕਲ ਕਰਵਾਇਆ, ਜਿਸ 'ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਦੋਵਾਂ ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਸ ਨੇ ਪਹਿਲਾਂ ਇਸ ਮਾਮਲੇ 'ਚ ਆਈ.ਪੀ.ਸੀ. ਦੀ ਧਾਰਾ 363, 366 ਏ ਅਤੇ 34 'ਚ ਕੇਸ ਦਰਜ ਕੀਤਾ ਸੀ। ਬਲਾਤਕਾਰ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ 'ਚ ਪੋਸਕੋ ਐਕਟ ਵੀ ਜੋੜਿਆ ਗਿਆ ਹੈ।
ਯਮੁਨਾਨਗਰ ਥਾਣੇ ਦੇ ਏ.ਐੱਸ.ਆਈ. ਅਤੇ ਮਾਮਲੇ ਦੀ ਜਾਂਚ ਕਰ ਰਹੇ ਈਸ਼ਵਰ ਸਿੰਘ ਨੇ ਦੱਸਿਆ ਹੈ ਕਿ 28 ਦਸੰਬਰ ਨੂੰ ਸਵੇਰ ਦੇ ਸਮੇਂ ਦੋ ਨਾਬਾਲਗ ਭੈਣਾਂ ਲਾਪਤਾ ਹੋ ਗਈਆਂ ਸਨ। ਪਰਿਵਾਰ ਵਾਲਿਆਂ ਨੇ ਭਾਲ ਕੀਤੀ ਪਰ ਕੁਝ ਪਤਾ ਨਾ ਲੱਗਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਕਾਨ 'ਚ ਕਿਰਾਏ 'ਤੇ ਅਸਾਮ ਦੇ ਰਹਿਣ ਵਾਲੇ ਅਭਿਜੀਤ(ਮਾਮਾ) ਅਤੇ ਸੁਮਨ ਵਰਮਨ(ਭਾਣਜਾ) ਉਨ੍ਹਾਂ ਨੂੰ ਵਰਗਲਾ ਕੇ ਲੈ ਗਏ ਹਨ। ਪੁਲਸ ਨੇ ਅਭਿਜੀਤ ਅਤੇ ਸੁਮਨ 'ਤੇ ਅਗਵਾ ਕਰਨ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਸ ਦੋਵਾਂ ਭੈਣਾਂ ਦੀ ਭਾਲ ਲਈ ਕੀ ਜਗ੍ਹਾ ਛਾਪੇਮਾਰੀ ਵੀ ਕੀਤੀ।
ਇਸ ਦੌਰਾਨ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਭਿਜੀਤ ਅਤੇ ਸੁਮਨ ਦੇ ਰਿਸ਼ਤੇਦਾਰ ਜਲੰਧਰ 'ਚ ਰਹਿੰਦੇ ਹਨ। ਪੁਲਸ ਨੂੰ ਦੋਸ਼ੀਆਂ ਦੀ ਮੋਬਾਈਲ ਲੋਕੇਸ਼ਨ ਵੀ ਜਲੰਧਰ 'ਚ ਮਿਲ ਰਹੀ ਸੀ। ਪੁਲਸ ਨੇ ਜਲੰਧਰ 'ਚ ਛਾਪੇਮਾਰੀ ਕੀਤੀ। ਦੋਵਾਂ ਭੈਣਾਂ ਨੂੰ ਛੁਡਾਇਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਦਾ ਕਹਿਣਾ ਹੈ ਕਿ ਅਭਿਜੀਤ ਅਤੇ ਸੁਮਨ ਦੋਵੇਂ ਯਮੁਨਾਨਗਰ 'ਚ ਇਕ ਫੈਕਟਰੀ 'ਚ ਮਜ਼ਦੂਰੀ ਕਰਦੇ ਸਨ। ਲੰਮੇ ਸਮੇਂ ਤੋਂ ਪੀੜਤ ਭੈਣਾਂ ਦੇ ਘਰ ਕਿਰਾਏ 'ਤੇ ਰਹਿ ਰਹੇ ਸਨ।
ਬਾਅਦ 'ਚ ਵਿਆਹ ਕਰਨ ਬਾਰੇ ਕਿਹਾ
ਪੁਲਸ ਨੇ ਦੱਸਿਆ ਕਿ ਦੋਵਾਂ ਭੈਣਾਂ ਨੂੰ ਦੋਸ਼ੀਆਂ ਨੇ ਆਪਣੀਆਂ ਗੱਲਾਂ 'ਚ ਫਸਾ ਲਿਆ ਅਤੇ ਲੈ ਕੇ ਫਰਾਰ ਹੋ ਗਏ। ਬਾਅਦ 'ਚ ਜਦੋਂ ਭੈਣਾਂ ਘਰ ਵਾਪਸ ਜਾਣ ਬਾਰੇ ਕਹਿਣ ਲੱਗੀਆਂ ਤਾਂ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇਣ ਲੱਗੇ ਅਤੇ ਬਲਾਤਕਾਰ ਕਰਦੇ ਰਹੇ। ਪੁਲਸ ਅਨੁਸਾਰ ਦੋਵੇਂ ਦੋਸ਼ੀ ਜਲੰਧਰ 'ਚ ਹੀ ਮਜ਼ਦੂਰੀ ਕਰ ਰਹੇ ਸਨ।


Related News