ਜਨ ਸਭਾ ਦੌਰਾਨ ਹਾਰਦਿਕ ਪਟੇਲ ਨੂੰ ਅਣਜਾਣ ਸ਼ਖਸ ਨੇ ਮਾਰਿਆ ਥੱਪੜ
Friday, Apr 19, 2019 - 11:28 AM (IST)

ਸੁਰੇਂਦਰ ਨਗਰ— ਭਾਜਪਾ ਬੁਲਾਰੇ ਜੀ.ਵੀ.ਐੱਲ. ਨਰਸਿਮਹਾ ਰਾਵ 'ਤੇ ਬੂਟ ਸੁੱਟਣ ਦੀ ਘਟਨਾ ਦੇ ਦੂਜੇ ਦਿਨ ਯਾਨੀ ਅੱਜ ਗੁਜਰਾਤ ਕਾਂਗਰਸ ਦੇ ਨੇਤਾ ਹਾਰਦਿਕ ਪਟੇਲ ਨੂੰ ਇਕ ਅਣਜਾਣ ਸ਼ਖਸ ਨੇ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੁਰੇਂਦਰ ਨਗਰ ਦੇ ਬਢਵਾਨ 'ਚ ਹੋਈ। ਇੱਥੇ ਮੌਜੂਦ ਲੋਕਾਂ ਨੇ ਥੱਪੜ ਮਾਰਨ ਵਾਲੇ ਸ਼ਖਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ। ਹਾਰਦਿਕ ਨੂੰ ਥੱਪੜ ਮਰਾਨ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਹਾਰਦਿਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ, ਉਦੋਂ ਇਕ ਸ਼ਖਸ ਆਇਆ ਅਤੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਮੰਚ 'ਤੇ ਮੌਜੂਦ ਲੋਕਾਂ ਨੇ ਸ਼ਖਸ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਨੂੰ ਥੱਪੜ ਮਾਰਨ ਵਾਲੇ ਸ਼ਖਸ ਦਾ ਨਾਂ ਤਰੁਣ ਮਿਸਤਰੀ ਹੈ। ਉਹ ਗੁਜਰਾਤ ਦੇ ਕੜੀ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਸ਼ਖਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਹਾਲਾਂਕਿ ਹਾਰਦਿਕ ਨੇ ਉਸ ਵਿਰੁੱਧ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਮੌਕੇ 'ਤੇ ਮੌਜੂਦ ਪੁਲਸ ਨੇ ਕਿਸੇ ਤਰ੍ਹਾਂ ਸ਼ਖਸ ਨੂੰ ਬਚਾਇਆ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਥੱਪੜ ਮਾਰਨ ਵਾਲੇ ਸ਼ਖਸ ਦੀ ਹਾਲਤ ਗੰਭੀਰ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥੱਪੜ ਮਾਰਨ ਤੋਂ ਬਾਅਦ ਹਾਰਦਿਕ ਨੇ ਕਿਹਾ,''ਭਾਜਪਾ ਵਾਲੇ ਚਾਹੁੰਦੇ ਹਨ ਕਿ ਮੈਨੂੰ ਮਾਰ ਦਿੱਤਾ ਜਾਵੇ, ਇਹ ਲੋਕ ਹਮਲੇ ਕਰਵਾ ਰਹੇ ਹਨ ਪਰ ਅਸੀਂ ਚੁੱਪ ਨਹੀਂ ਰਹਾਂਗੇ।''
ਇਸ ਤੋਂ ਪਹਿਲਾਂ ਪੰਚਮਹਾਲ ਲੋਕ ਸਭਾ ਖੇਤਰ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਹਾਰਦਿਕ ਨੇ ਕਿਹਾ ਸੀ ਕਿ ਜ਼ਿਲੇ ਦਾ ਨੌਜਵਾਨ ਭਾਜਪਾ ਦੇ ਰੋਜ਼ਗਾਰ ਦੇ ਨਾਂ 'ਤੇ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਨੌਜਵਾਨ ਕਹਿੰਦਾ ਹੈ ਅਸੀਂ ਹੋਰ ਕੁਝ ਨਹੀਂ ਮੰਗਿਆ ਸਿਰਫ ਚੰਗੀ ਅਤੇ ਸਸਤੀ ਸਿੱਖਿਆ, ਸਨਮਾਨ ਦੇ ਨਾਲ ਰੋਜ਼ਗਾਰ ਦੇ ਦਿਓ ਪਰ ਭਾਜਪਾ ਸਰਕਾਰ ਇਹ ਦੇਣ 'ਚ ਅਸਫ਼ਲ ਰਹੀ। ਮੈਨੂੰ ਭਰੋਸਾ ਹੈ ਕਿ ਇਸ ਵਾਰ ਵੀ ਉੱਤਰ ਗੁਜਰਾਤ ਤੋਂ ਸਾਰੀਆਂ ਲੋਕ ਸਭਾ ਸੀਟ ਕਾਂਗਰਸ ਜਿੱਤ ਰਹੀ ਹੈ। ਭਾਜਪਾ ਦੇ ਰਾਜ 'ਚ ਡੇਰੀ ਉਦਯੋਗ 'ਚ ਭ੍ਰਿਸ਼ਟਾਚਾਰ ਹੱਦ ਤੋਂ ਪਾਰ ਹੈ।
ਨਰਸਿਮਹਾ 'ਤੇ ਸੁੱਟਿਆ ਸੀ ਬੂਟ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਜੀ.ਵੀ.ਐੱਲ. ਨਰਸਿਮਹਾ ਰਾਵ 'ਤੇ ਇਕ ਸ਼ਖਸ ਨੇ ਬੂਟ ਸੁੱਟਿਆ ਸੀ। ਇਸ ਦੌਰਾਨ ਨਰਸਿਮਹਾ ਦਿੱਲੀ ਦੇ ਭਾਜਪਾ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਬੂਟ ਸੁੱਟਣ ਵਾਲੇ ਸ਼ਖਸ ਦੀ ਪਛਾਣ ਸ਼ਕਤੀ ਭਾਰਗਵ ਦੇ ਰੂਪ 'ਚ ਹੋਈ ਸੀ, ਜੋ ਕਾਪੁਰ ਦਾ ਰਹਿਣ ਵਾਲਾ ਸੀ। ਸ਼ਕਤੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪੁਲਸ ਨੇ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਕਾਨਪੁਰ ਭੇਜ ਦਿੱਤਾ ਸੀ।