ਕੋਰੋਨਾ ਕਾਰਣ ਹੱਜ ਯਾਤਰਾ ਰੱਦ, ਹੁਣ ਤੱਕ 2.13 ਲੱਖ ਲੋਕਾਂ ਨੇ ਦਿੱਤੀ ਸੀ ਅਰਜ਼ੀ

Tuesday, Jun 23, 2020 - 08:02 PM (IST)

ਕੋਰੋਨਾ ਕਾਰਣ ਹੱਜ ਯਾਤਰਾ ਰੱਦ, ਹੁਣ ਤੱਕ 2.13 ਲੱਖ ਲੋਕਾਂ ਨੇ ਦਿੱਤੀ ਸੀ ਅਰਜ਼ੀ

ਨਵੀਂ ਦਿੱਲੀ (ਸੁਨੀਲ ਪਾਂਡੇ) : ਕੋਰੋਨਾ ਮਹਾਂਮਾਰੀ ਦੇ ਚੱਲਦੇ ਇਸ ਵਾਰ ਹੱਜ ਯਾਤਰਾ ਨਹੀਂ ਹੋਵੇਗੀ। ਭਾਰਤੀ ਮੁਸਲਮਾਨ ਹੱਜ ਯਾਤਰਾ 'ਤੇ ਸਾਊਦੀ ਅਰਬ ਨਹੀਂ ਜਾਣਗੇ। ਹੁਣ ਤੱਕ ਹੱਜ 2020 ਲਈ 2 ਲੱਖ 13 ਹਜ਼ਾਰ ਅਰਜ਼ੀਆਂ ਦਿੱਤੀਆਂ ਗਈਆਂ ਹਨ। ਭਾਰਤ ਸਰਕਾਰ ਸਾਰੇ ਬਿਨੈਕਾਰਾਂ ਵੱਲੋਂ ਜਮਾਂ ਕਰਵਾਈ ਗਈ ਪੂਰੀ ਰਕਮ ਬਿਨਾਂ ਕਿਸੇ ਕਟੌਤੀ ਦੇ ਤੱਤਕਾਲ ਵਾਪਸ ਕਰੇਗੀ। ਇਸ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪੈਸਾ ਆਨਲਾਈਨ ਡੀ. ਬੀ. ਟੀ.  ਦੇ ਜ਼ਰੀਏ ਬਿਨੈਕਾਰਾਂ ਦੇ ਖਾਤੇ 'ਚ ਭੇਜਿਆ ਜਾਵੇਗਾ।

ਦੱਸ ਦਈਏ ਕਿ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਹਿਜ ਐਕਸੈਲੈਂਸੀ ਡਾ. ਮੁਹੰਮਦ ਸਾਲੇਹ ਬਿਨਾਂ ਤਾਹੇਰ ਬੇਂਤੇਨ ਨਾਲ ਹੋਈ ਗੱਲਬਾਤ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਦੀ ਪੁਸ਼ਟੀ ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕੀਤੀ ਹੈ। ਦੱਸ ਦਈਏ ਕਿ ਪਿਛਲੇ ਸਾਲ ਭਾਵ ਸਾਲ 2019 'ਚ 2 ਲੱਖ ਭਾਰਤੀ ਮੁਸਲਮਾਨ ਹੱਜ ਯਾਤਰਾ 'ਤੇ ਗਏ ਸਨ ਇਸ 'ਚ 50 ਫ਼ੀਸਦੀ ਔਰਤਾਂ ਸ਼ਾਮਲ ਸਨ। ਇਸ ਤੋਂ ਇਲਾਵਾ ਮੋਦੀ ਸਰਕਾਰ ਮੁਤਾਬਕ 2018 'ਚ ਸ਼ੁਰੂ ਕੀਤੀ ਗਈ ਬਿਨਾਂ ਮੇਹਰਮ ਔਰਤਾਂ ਨੂੰ ਹੱਜ 'ਤੇ ਜਾਣ ਦੀ ਪ੍ਰਕਿਰਿਆ ਦੇ ਤਹਿਤ ਹੁਣ ਤੱਕ ਬਿਨਾਂ ਮੇਹਰਮ ਦੇ ਹੱਜ 'ਤੇ ਜਾਣ ਵਾਲੀਆਂ ਔਰਤਾਂ ਦੀ ਗਿਣਤੀ 3040 ਹੋ ਚੁੱਕੀ ਹੈ।

ਇਸ ਸਬੰਧ 'ਚ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕੋਰੋਨਾ ਦੀਆਂ ਗੰਭੀਰ ਚੁਣੌਤੀਆਂ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੈ, ਸਾਊਦੀ ਅਰਬ 'ਚ ਵੀ ਇਸਦਾ ਅਸਰ ਦੇਖਿਆ ਜਾ ਰਿਹਾ ਹੈ। ਨਕਵੀ ਨੇ ਕਿਹਾ ਕਿ ਸਾਊਦੀ ਅਰਬ ਸਰਕਾਰ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ, ਹਾਲਾਤਾਂ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ-ਸਲਾਮਤੀ ਨੂੰ ਪਹਿਲ ਦਿੰਦੇ ਹੋਏ, ਇਹ ਫੈਸਲਾ ਕੀਤਾ ਗਿਆ ਹੈ ਕਿ ਹੱਜ ਲਈ ਭਾਰਤੀ ਮੁਸਲਮਾਨ ਸਾਊਦੀ ਅਰਬ ਨਹੀਂ ਜਾਣਗੇ।


author

Inder Prajapati

Content Editor

Related News