ਕੋਰੋਨਾ ਦਾ ਖ਼ੌਫ਼: ਮਾਂ ਨੇ ਬੱਚੇ ਸਮੇਤ ਖ਼ੁਦ ਨੂੰ ਫਲੈਟ 'ਚ ਕੀਤਾ ਸੀ ਕੈਦ, 3 ਸਾਲ ਮਗਰੋਂ ਕੀਤਾ ਰੈਸਕਿਊ
Thursday, Feb 23, 2023 - 11:48 AM (IST)

ਗੁਰੂਗ੍ਰਾਮ (ਏਜੰਸੀ)- ਕੋਰੋਨਾ ਮਹਾਮਾਰੀ ਦੇ ਡਰ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ 'ਚ ਇਕ ਔਰਤ ਨੇ ਵਾਇਰਸ ਦੇ ਡਰ ਕਾਰਨ ਖ਼ੁਦ ਨੂੰ ਅਤੇ ਆਪਣੇ ਪੁੱਤ ਨੂੰ 3 ਸਾਲ ਲਈ ਇਕ ਅਪਾਰਟਮੈਂਟ 'ਚ ਬੰਦ ਕਰ ਲਿਆ। ਬੁੱਧਵਾਰ ਨੂੰ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਦੋਹਾਂ ਨੂੰ ਬਚਾ ਲਿਆ। ਮੀਡੀਆ ਨਾਲ ਗੱਲ ਕਰਦੇ ਹੋਏ ਗੁਰੂਗ੍ਰਾਮ ਦੀ ਚਾਈਲਡ ਵੈਲਫੇਅਰ ਕਮੇਟੀ ਦੀ ਮੈਂਬਰ ਊਸ਼ਾ ਸੋਲੰਕੀ ਨੇ ਕਿਹਾ,''ਗੁਰੂਗ੍ਰਾਮ ਦੇ ਚੱਕਰਪੁਰ ਵਾਸੀ ਇਕ ਵਿਅਕਤੀ ਨੂੰ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚਾ ਪਿਛਲੇ 3 ਸਾਲਾਂ ਤੋਂ ਇਕ ਫਲੈਟ 'ਚ ਬੰਦ ਹਨ। ਉਸ ਦੀ ਪਤਨੀ ਨਾ ਤਾਂ ਉਸ ਨੂੰ ਅਪਾਰਟਮੈਂਟ 'ਚ ਆਉਣ ਦਿੰਦੀ ਹੈ ਅਤੇ ਨਾ ਹੀ ਆਪਣੇ ਪੁੱਤ ਨੂੰ ਬਾਹਰ ਭੇਜਦੀ ਹੈ।'' ਉਨ੍ਹਾਂ ਕਿਹਾ ਕਿ ਔਰਤ ਨੇ ਆਪਣੇ ਪਤੀ ਨੂੰ ਕੰਮ ਕਰਨ ਲਈ ਦੂਜਾ ਫਲੈਟ ਲੈਣ ਲਈ ਕਿਹਾ ਸੀ।
ਉਨ੍ਹਾਂ ਅੱਗੇ ਕਿਹਾ,''ਉਹ ਆਪਣੀ ਪਤਨੀ ਨੂੰ ਪੈਸੇ ਅਤੇ ਕਰਿਆਨੇ ਦਾ ਸਾਮਾਨ ਭੇਜਦਾ ਸੀ।'' ਊਸ਼ਾ ਸੋਲੰਕੀ ਨੇ ਇਹ ਵੀ ਕਿਹਾ ਕਿ ਔਰਤ ਦੀ ਮਾਨਸਿਕ ਸਥਿਤੀ ਦੀ ਵੀ ਜਾਂਚ ਕੀਤੀ ਜਾਵੇਗੀ। ਔਰਤ ਅਤੇ ਉਸ ਦੇ ਪੁੱਤ ਦੋਹਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ। ਉਸ ਦਾ ਪੁੱਤ ਹੁਣ 11 ਸਾਲ ਦਾ ਹੈ।''