40 ਦਿਨਾਂ ਲਈ ਜੇਲ੍ਹ ’ਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, ਬਰਨਾਵਾ ਆਸ਼ਰਮ ਪਹੁੰਚਿਆ
Saturday, Oct 15, 2022 - 11:02 AM (IST)
ਰੋਹਤਕ/ਬਾਗਪਤ- ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ ਪੈਰੋਲ ਮਿਲ ਗਈ ਹੈ। ਰਾਮ ਰਹੀਮ 40 ਦਿਨਾਂ ਲਈ ਜੇਲ੍ਹ ’ਚੋਂ ਬਾਹਰ ਆ ਗਿਆ ਹੈ। ਸਖ਼ਤ ਸੁਰੱਖਿਆ ਦਰਮਿਆਨ ਰਾਮ ਰਹੀਮ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਿਜਾਇਆ ਗਿਆ। ਡੇਰਾ ਮੁਖੀ ਦੇ ਆਸ਼ਰਮ ਆਉਣ ਨੂੰ ਲੈ ਕੇ ਉਨ੍ਹਾਂ ਦੇ ਸਵਾਗਤ ’ਚ ਤਿਆਰੀਆਂ ਕੀਤੀਆਂ ਗਈਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਜੂਨ ’ਚ ਇਕ ਮਹੀਨੇ ਲਈ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਹਨੀਪ੍ਰੀਤ ਬਣੀ ਡੇਰਾ ਸੱਚਾ ਸੌਦਾ ਟਰੱਸਟ ਦੀ ਵਾਈਸ ਪੈਟਰਨ ਤੇ ਚੇਅਰਪਰਸਨ
ਅੱਜ ਸਵੇਰੇ ਕਰੀਬ 8.50 ਵਜੇ ਡੇਰਾ ਮੁਖੀ ਦਾ ਕਾਫਿਲਾ ਬਰਵਾਨਾ ਦੇ ਡੇਰਾ ਆਸ਼ਰਮ ਪਹੁੰਚ ਗਿਆ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਡੇਰਾ ਮੁਖੀ ਨੂੰ ਪੈਰੋਲ ਮਿਲਣ ਦੀ ਪੁਸ਼ਟੀ ਮਗਰੋਂ ਡੇਰਾ ਆਸ਼ਰਮ ਬਰਵਾਨਾ ’ਚ ਪੂਰੀ ਵਿਵਸਥਾ ਕੀਤੀ ਗਈ ਸੀ। ਇਸ ਵਾਰ ਡੇਰਾ ਮੁਖੀ ਬਰਵਾਨਾ ’ਚ ਹੀ ਦੀਵਾਲੀ ਮਨਾਏਗਾ। ਰਾਮ ਰਹੀਮ ਨੂੰ ਪੈਰੋਲ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਦਿੱਤੀ ਗਈ ਹੈ। ਆਦਮਪੁਰ ’ਚ 3 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਰਾਮ ਰਹੀਮ ਨੂੰ ਮਿਲੀ 40 ਦਿਨ ਦੀ ਪੈਰੋਲ
ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਡੇਰਾ ਦੇ ਸਿਰਸਾ ਸਥਿਤ ਹੈੱਡਕੁਆਰਟਰ ’ਚ ਆਪਣੇ ਆਸ਼ਰਮ ’ਤੇ ਦੋ ਸਾਧਵੀਆਂ ਨਾਲ ਯੌਨ ਸ਼ੌਸ਼ਣ ਦੇ ਦੋਸ਼ ’ਚ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਅਗਸਤ 2017 ’ਚ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਗੁਰਮੀਤ ਰਾਮ ਰਹੀਮ ਨੂੰ 2002 ’ਚ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੇ ਕਤਲ ਦੀ ਸਾਜਿਸ਼ ਰੱਚਣ ਲਈ ਪਿਛਲੇ ਸਾਲ 4 ਹੋਰ ਲੋਕਾਂ ਨਾਲ ਦੋਸ਼ੀ ਠਹਿਰਾਇਆ ਗਿਆ ਸੀ।