11 ਦਿਨਾਂ ਬਾਅਦ ਦਿੱਲੀ-ਮੁੰਬਈ ਰੇਲ ਲਾਈਨ ਤੋਂ ਹਟੇ ਗੁੱਜਰ, 6 ਮੁੱਦਿਆਂ 'ਤੇ ਬਣੀ ਸਹਿਮਤੀ
Thursday, Nov 12, 2020 - 04:09 PM (IST)
ਜੈਪੁਰ- ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਬਿਆਨਾ 'ਚ ਜਾਰੀ ਆਪਣਾ 11 ਦਿਨ ਪੁਰਾਣਾ ਅੰਦੋਲਨ ਵੀਰਵਾਰ ਸਵੇਰੇ ਖਤਮ ਕਰ ਦਿੱਤਾ। ਇਸ ਦੇ ਨਾਲ ਹੀ ਦਿੱਲੀ-ਮੁੰਬਈ ਰੇਲ ਲਾਈਨ 'ਤੇ ਟਰੇਨਾਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਕਈ ਜ਼ਿਲ੍ਹਿਆਂ 'ਚ ਬੰਦ ਪਈਆਂ ਮੋਬਾਇਲ ਇੰਟਰਨੈੱਟ ਸੇਵਾਵਾਂ ਵੀ ਚਾਲੂ ਹੋ ਗਈਆਂ ਹਨ। ਦੱਸਣਯੋਗ ਹੈ ਕਿ ਰਾਖਾਵਂਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀ ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਵਫ਼ਦ ਦੀ ਬੁੱਧਵਾਰ ਨੂੰ ਇੱਥੇ ਮੰਤਰੀ ਮੰਡਲ ਉੱਪ ਕਮੇਟੀ ਨਾਲ ਬੈਠਕ ਹੋਈ, ਜਿਸ 'ਚ 6 ਮੁੱਦਿਆਂ 'ਤੇ ਸਹਿਮਤੀ ਬਣੀ ਸੀ। ਪੁਲਸ ਅਨੁਸਾਰ ਰੇਲਵੇ ਟਰੈਕ 'ਤੇ ਬੈਠੇ ਗੁੱਜਰ ਸਮਾਜ ਦੇ ਲੋਕ ਵੀਰਵਾਰ ਨੂੰ ਆਪਣੇ ਘਰਾਂ ਨੂੰ ਚੱਲੇ ਗਏ। ਇਸ ਦੇ ਨਾਲ ਹੀ ਭਰਤਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਗੁੱਜਰ ਨੇਤਾ ਵਿਜੇ ਬੈਂਸਲਾ ਨੇ ਕਿਹਾ,''ਸਰਕਾਰ ਨਾਲ ਸਾਡਾ ਬੁੱਧਵਾਰ ਨੂੰ ਸਮਝੌਤਾ ਹੋਇਆ। ਅਸੀਂ ਰੇਲ ਟਰੈਕ ਖਾਲੀ ਕਰ ਰਹੇ ਹਾਂ। ਰੇਲ ਸੇਵਾ ਜਲਦ ਹੀ ਬਹਾਲ ਹੋ ਜਾਣਗੀਆਂ।''
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਉੱਤਰ-ਪੱਛਮੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਗੁੱਜਰ ਅੰਦੋਲਨ ਖਤਮ ਹੋਣ ਕਾਰਨ ਪ੍ਰਭਾਵਿਤ ਰੇਲ ਸੰਚਾਲਨ ਬਹਾਲ ਕਰ ਦਿੱਤਾ ਗਿਆ ਹੈ ਅਤੇ ਜੋ ਰੇਲ ਗੱਡੀਆਂ ਬਦਲੇ ਹੋਏ ਮਾਰਗ 'ਤੇ ਚੱਲ ਰਹੀਆਂ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਮਾਰਗ 'ਤੇ ਚਲਾਇਆ ਜਾਵੇਗਾ। ਰਾਖਵਾਂਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੰਦੋਲਨਕਾਰੀ ਬਿਆਨਾ ਦੇ ਪੀਲੂਪੁਰਾ ਕੋਲ ਦਿੱਲੀ-ਮੁੰਬਈ ਰੇਲ ਮਾਰਗ 'ਤੇ ਪੱਟੜੀਆਂ 'ਤੇ ਬੈਠੇ ਸਨ। ਇਸ ਵਾਰ ਅੰਦੋਲਨ ਇਕ ਨਵੰਬਰ ਤੋਂ 11 ਨਵੰਬਰ ਤੱਕ ਚੱਲਿਆ। ਬੁੱਧਵਾਰ ਨੂੰ ਮੰਤਰੀ ਮੰਡਲ ਉੱਪ ਕਮੇਟੀ ਦੇ ਤਿੰਨ ਮੈਂਬਰ ਅਤੇ ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਨੇਤਾ ਕਰਨਲ ਕਿਰੋੜੀ ਸਿੰਘ ਬੈਂਸਲਾ ਦਰਮਿਆਨ ਕਈ ਘੰਟੇ ਕੀਤੀ ਚਰਚਾ ਤੋਂ ਬਾਅਦ 6 ਮੁੱਦਿਆਂ 'ਤੇ ਸਹਿਮਤੀ ਬਣੀ ਅਤੇ ਦਸਤਖ਼ਤ ਕੀਤੇ ਗਏ। ਸਮਝੌਤੇ ਤੋਂ ਬਾਅਦ ਊਰਜਾ ਮੰਤਰੀ ਬੀ.ਡੀ. ਕੱਲਾ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਗੁੱਜਰ ਰਾਖਵਾਂਕਰਨ ਅੰਦੋਲਨ ਦੌਰਾਨ ਤਿੰਨ ਮ੍ਰਿਤਕਾਂ ਕੈਲਾਸ਼ ਗੁੱਜਰ, ਮਾਨ ਸਿੰਘ ਗੁੱਜਰ ਅਤੇ ਪ੍ਰਦੀਪ ਗੁੱਜਰ ਦੇ ਪਰਿਵਾਰ ਵਾਲਿਆਂ ਨੂੰ ਮੁੱਖ ਮੰਤਰੀ ਮਦਦ ਫੰਡ ਤੋਂ 5-5 ਲੱਖ ਰੁਪਏ ਦੀ ਮਦਦ ਰਾਸ਼ੀ ਅਤੇ ਸੰਬੰਧਤ ਪਰਿਵਾਰ ਦੇ ਪੀੜਤਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ।