ਕੇਜਰੀਵਾਲ ਨੇ ਜਨਤਾ ਤੋਂ ਮੰਗਿਆ ਸੁਝਾਅ, ਗੁਜਰਾਤ 'ਚ ਕੌਣ ਹੋਵੇ 'ਆਪ' ਦਾ CM ਉਮੀਦਵਾਰ

10/29/2022 1:11:16 PM

ਸੂਰਤ (ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਤੋਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਚੋਣ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਸ ਨੇਤਾ ਨੂੰ ਸਭ ਤੋਂ ਜ਼ਿਆਦਾ ਵੋਟ ਮਿਲਣਗੇ, ਉਸ ਨੂੰ ਮੁੱਖ ਮੰਤਰੀ ਅਹੁਦੇ ਲਈ 'ਆਪ' ਦਾ ਚਿਹਰਾ ਐਲਾਨ ਕੀਤਾ ਜਾਵੇਗਾ। ਇੱਥੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਇਕ ਫ਼ੋਨ ਨੰਬਰ (6357000360) ਸਾਂਝਾ ਕੀਤਾ, ਜਿਸ 'ਤੇ ਲੋਕ ਆਪਣੀ ਪਸੰਦ ਦੇ ਨੇਤਾ ਲਈ ਵਟਸਐੱਪਸ ਸੰਦੇਸ਼, ਟੈਕਸਟ ਸੰਦੇਸ਼ ਛੱਡ ਸਕਦੇ ਹਨ। ਉਨ੍ਹਾਂ ਨੇ ਇਸ ਉਦੇਸ਼ ਲਈ ਇਕ ਈਮੇਲ ਆਈ.ਡੀ. aapnocm@gmail.com ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਲਾਈਨਾਂ 3 ਨਵੰਬਰ ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ ਪਾਰਟੀ ਅਗਲੇ ਦਿਨ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੇ ਨਾਮ ਦਾ ਐਲਾਨ ਕਰੇਗੀ।

 

ਕੇਜਰੀਵਾਲ ਨੇ ਭਾਜਪਾ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕਤੰਤਰ 'ਚ ਲੋਕਾਂ ਕੋਲ ਅੰਤਿਮ ਅਧਿਕਾਰ ਹੁੰਦਾ ਹੈ ਪਰ ਭਾਜਪਾ ਇਸ 'ਚ ਵਿਸ਼ਵਾਸ ਨਹੀਂ ਕਰਦੀ ਹੈ, ਇਹੀ ਕਾਰਨ ਹੈ ਕਿ ਜਦੋਂ ਵਿਜੇ ਰੂਪਾਨੀ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਗਿਆ ਸੀ, ਉਦੋਂ ਲੋਕਾਂ ਦੀ ਪਸੰਦ 'ਤੇ ਧਿਆਨ ਨਹੀਂ ਦਿੱਤਾ ਗਿਆ ਸੀ। ਨਾਲ ਹੀ ਜਦੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕੈਬਨਿਟ ਨੂੰ ਹਟਾਇਆ ਗਿਆ ਤਾਂ ਭਾਜਪਾ ਨੇ ਲੋਕਾਂ ਨੂੰ ਵਿਸ਼ਵਾਸ 'ਚ ਨਹੀਂ ਲਿਆ। ਰੂਪਾਨੀ ਨੂੰ ਅਸਤੀਫ਼ਾ ਦੇਣ ਲਈ ਕਿਉਂ ਕਿਹਾ ਗਿਆ, ਇਹ ਕਦੇ ਸਪੱਸ਼ਟ ਨਹੀਂ ਸੀ, ਕੀ ਉਹ ਅਸਮਰੱਥ ਸਨ, ਕੀ ਉਹ ਭ੍ਰਿਸ਼ਟ ਸਨ?- ਇਹ ਸਾਰੇ ਸਵਾਲ ਹਨ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦੇ ਪੱਖ 'ਚ ਲਹਿਰ ਹੈ, ਕਿਉਂਕਿ ਲੋਕ ਭਾਜਪਾ ਦੇ 27 ਸਾਲ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ। ਲੋਕ 'ਪਰਿਵਰਤਨ' ਦੀ ਤਲਾਸ਼ 'ਚ ਹਨ। ਹਾਲਾਂਕਿ ਭਾਜਪਾ ਪਿਛਲੇ 27 ਸਾਲਾਂ ਤੋਂ ਸੱਤਾ 'ਚ ਹੈ ਪਰ ਉਹ ਆਪਣੇ ਵਲੋਂ ਕੀਤੇ ਗਏ ਵਿਕਾਸ ਕੰਮਾਂ ਨੂੰ ਸੂਚੀਬੱਧ ਨਹੀਂ ਕਰ ਪਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇਤਾ 'ਆਪ' ਨੇਤਾਵਾਂ 'ਤੇ ਦੋਸ਼ ਲਗਾਉਣ 'ਚ ਰੁਝੇ ਹਨ, ਕਿਉਂਕਿ ਉਨ੍ਹਾਂ ਕੋਲ ਸੂਬੇ ਦੇ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News