ਖ਼ੁਦ ਨੂੰ PMO ਅਧਿਕਾਰੀ ਦੱਸਣ ਵਾਲੇ ਠੱਗ ਨੂੰ ਜੰਮੂ ਕਸ਼ਮੀਰ ਤੋਂ ਅਹਿਮਦਾਬਾਦ ਲੈ ਕੇ ਆਈ ਗੁਜਰਾਤ ਪੁਲਸ

Saturday, Apr 08, 2023 - 04:23 PM (IST)

ਅਹਿਮਦਾਬਾਦ (ਭਾਸ਼ਾ)- ਖ਼ੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਇਕ ਸੀਨੀਅਰ ਅਧਿਕਾਰੀ ਵਜੋਂ ਪੇਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਠੱਗ ਕਿਰਨ ਪਟੇਲ ਨੂੰ ਗੁਜਰਾਤ ਪੁਲਸ ਦੀ ਇਕ ਟੀਮ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਤੋਂ ਅਹਿਮਦਾਬਾਦ ਲੈ ਆਈ। ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਸ਼੍ਰੀਨਗਰ 'ਚ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਨੇ ਪਟੇਲ ਨੂੰ ਹਿਰਾਸਤ 'ਚ ਲੈਣ ਦੀ ਗੁਜਰਾਤ ਪੁਲਸ ਦੀ ਅਪੀਲ ਸਵੀਕਾਰ ਕਰ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਗੁਜਰਾਤ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਟੇਲ ਨੂੰ ਸ਼੍ਰੀਨਗਰ ਤੋਂ ਸੜਕ ਮਾਰਗ ਤੋਂ ਸ਼ਨੀਵਾਰ ਤੜਕੇ ਕ੍ਰਾਈਮ ਬਰਾਂਚ ਹੈੱਡ ਕੁਆਰਟਰ ਲਿਆਂਦਾ ਗਿਆ। ਇਕ ਸੀਨੀਅਰ ਨਾਗਰਿਕ ਦਾ ਬੰਗਲਾ ਹੜਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਪਟੇਲ ਖ਼ਿਲਾਫ਼ ਗੁਜਰਾਤ ਦੇ ਵੱਖ-ਵੱਖ ਥਾਣਿਆਂ 'ਚ ਚਾਰ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ ਇਕ ਐੱਫ.ਆਈ.ਆਰ. ਅਹਿਮਦਾਬਾਦ ਕ੍ਰਾਈਮ ਬਰਾਂਚ ਨੇ ਦਰਜ ਕੀਤੀ ਹੈ।

ਜੰਮੂ ਕਸ਼ਮੀਰ ਪੁਲਸ ਨੇ ਪਿਛਲੇ ਮਹੀਨੇ ਪਟੇਲ ਨੂੰ ਖੁਦ ਨੂੰ ਕੇਂਦਰ ਸਰਕਾਰ 'ਚ ਸੀਨੀਅਰ ਸਕੱਤਰ ਵਜੋਂ ਪੇਸ਼ ਕਰਨ ਦੇ ਦੋਸ਼ 'ਚ ਸ਼੍ਰੀਨਗਰ ਦੇ ਇਕ ਪੰਚਸਿਤਾਰਾ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਸੀ। ਪਟੇਲ ਨੂੰ ਜਦੋਂ ਤਿੰਨ ਮਾਰਚ ਨੂੰ ਚੌਕਸ ਸੁਰੱਖਿਆ ਅਧਿਕਾਰੀਆਂ ਨੇ ਫੜਿਆ, ਉਦੋਂ ਉਹ ਕਸ਼ਮੀਰ ਘਾਟੀ ਦੀ ਤੀਜੀ ਯਾਤਰਾ 'ਤੇ ਸੀ। ਪਟੇਲ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਉਸ ਨੂੰ ਦੱਖਣ ਕਸ਼ਮੀਰ 'ਚ ਸੇਬ ਦੇ ਬਗੀਚਿਆਂ 'ਚ ਖਰੀਦਦਾਰਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਬਾਅਦ 'ਚ ਅਹਿਮਦਾਬਾਦ ਪੁਲਸ ਨੇ ਇਕ ਸੀਨੀਅਰ ਨਾਗਰਿਕ ਬੰਗਲਾ ਹੜਪਣ ਦੀ ਕੋਸ਼ਿਸ਼ ਕਰਨ ਨੂੰ ਲੈ ਕੇ 22 ਮਾਰਚ ਨੂੰ ਕਿਰਨ ਪਟੇਲ ਅਤੇ ਉਸ ਦੀ ਪਤਨੀ ਮਾਲਿਨੀ ਪਟੇਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਮਾਲਿਨੀ ਨੂੰ ਹਾਲ ਹੀ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਹਿਮਦਾਬਾਦ ਕ੍ਰਾਈਮ ਬਰਾਂਚ ਦੀ ਇਕ ਟੀਮ ਕਿਰਨ ਪਟੇਲ ਨੂੰ ਹਿਰਾਸਤ 'ਚ ਲੈਣ ਲਈ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਗਈ ਸੀ।


DIsha

Content Editor

Related News