ਪੜ੍ਹਾਈ ਤੋਂ ਬਚਣ ਲਈ ਕਰੋੜਪਤੀ ਦਾ ਪੁੱਤਰ ਸ਼ਿਮਲੇ ਜਾ ਕੇ ਹੋਟਲਾਂ ’ਚ ਲੱਗਾ ਭਾਂਡੇ ਸਾਫ ਕਰਨ

11/06/2019 10:37:35 PM

ਵਡੋਦਰਾ – ਗੁਜਰਾਤ ਦੇ ਵਡੋਦਰਾ ਜ਼ਿਲੇ ਦੇ ਪਾਡਰਾ ਕਸਬੇ ਦੇ ਇਕ ਕਰੋੜਪਤੀ ਤੇਲ ਵਪਾਰੀ ਦਾ 19 ਸਾਲ ਦਾ ਪੁੱਤਰ ਪੜ੍ਹਾਈ ਤੋਂ ਬਚਣ ਲਈ ਸ਼ਿਮਲਾ ਚਲਾ ਗਿਆ ਅਤੇ ਉਥੇ ਵੱਖ-ਵੱਖ ਹੋਟਲਾਂ ਵਿਚ ਭਾਂਡੇ ਸਾਫ ਕਰਨ ਦਾ ਕੰਮ ਕਰਨ ਲੱਗ ਪਿਆ। ਕਿਸੇ ਤਰ੍ਹਾਂ ਉਸ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਸੂਚਨਾ ਮਿਲੀ ਅਤੇ ਉਹ ਉਸ ਨੂੰ ਸ਼ਿਮਲਾ ਤੋਂ ਵਾਪਸ ਲੈ ਕੇ ਆਏ।

ਘਟਨਾ ਸਬੰਧੀ ਮਿਲੇ ਵੇਰਵਿਆਂ ਮੁਤਾਬਕ ਦੁਆਰਕੇਸ਼ ਨਾਮੀ ਉਕਤ ਨੌਜਵਾਨ ਕੁਝ ਸਮਾਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਕਿ ਉਹ ਕਾਲਜ ਜਾ ਰਿਹਾ ਹੈ। ਉਹ ਕਾਲਜ ਨਹੀਂ ਪਹੁੰਚਿਆ। ਸ਼ਾਮ ਨੂੰ ਘਰ ਵਾਪਸ ਵੀ ਨਹੀਂ ਆਇਆ। ਮਾਤਾ-ਪਿਤਾ ਨੇ ਪੁਲਸ ਕੋਲ ਰਿਪੋਰਟ ਲਿਖਵਾਈ। ਪੁਲਸ ਨੇ ਵੱਖ-ਵੱਖ ਸੀ. ਸੀ. ਟੀ. ਵੀ. ਫੁਟੇਜ ਤੋਂ ਇਹ ਪਤਾ ਲਾ ਲਿਆ ਕਿ ਉਹ ਟਰੇਨ ਰਾਹੀਂ ਕਿਤੇ ਗਿਆ ਹੈ।

ਇਸ ਦੌਰਾਨ ਹੀ ਸ਼ਿਮਲਾ ਤੋਂ ਇਕ ਹੋਟਲ ਦੇ ਮੈਨੇਜਰ ਦੇ ਗੁਜਰਾਤ ਦੀ ਪੁਲਸ ਨੂੰ ਆਏ ਫੋਨ ਨੇ ਸਾਰੀ ਕਹਾਣੀ ਸਪੱਸ਼ਟ ਕਰ ਦਿੱਤੀ। ਮੈਨੇਜਰ ਨੇ ਦੱਸਿਆ ਕਿ ਇਕ ਨੌਜਵਾਨ ਉਨ੍ਹਾਂ ਦੇ ਹੋਟਲ ਵਿਚ ਭਾਂਡੇ ਸਾਫ ਕਰਨ ਦਾ ਕੰਮ ਕਰਦਾ ਹੈ। ਮੈਨੇਜਰ ਨੂੰ ਕਿਸੇ ਤਰ੍ਹਾਂ ਦੁਆਰਕੇਸ਼ ਦਾ ਪਛਾਣ ਪੱਤਰ ਮਿਲ ਗਿਆ ਸੀ ਅਤੇ ਉਸ ਨੇ ਉਸ ਆਧਾਰ ’ਤੇ ਗੁਜਰਾਤ ਵਿਚ ਪੁਲਸ ਨੂੰ ਫੋਨ ਕੀਤਾ। ਪੁਲਸ ਕੋਲ ਪਹਿਲਾਂ ਹੀ ਦੁਆਰਕੇਸ਼ ਦੇ ਗੁੰਮ ਹੋਣ ਦੀ ਰਿਪੋਰਟ ਸੀ। ਸਾਰੀਆਂ ਕੜੀਆਂ ਮਿਲ ਗਈਆਂ ਅਤੇ ਦੁਆਰਕੇਸ਼ ਦੇ ਮਾਤਾ-ਪਿਤਾ ਸ਼ਿਮਲਾ ਪੁੱਜੇ ਅਤੇ ਆਪਣੇ ਪੁੱਤਰ ਨੂੰ ਵਾਪਸ ਲੈ ਕੇ ਆਏ।


Inder Prajapati

Content Editor

Related News