ਗੁਜਰਾਤ ਚੋਣਾਂ : ਸਖ਼ਤ ਸੁਰੱਖਿਆ ''ਚ ਹੋਵੇਗੀ ਵੋਟਿੰਗ, ਭੇਜੇ ਜਾਣਗੇ 60 ਹਜ਼ਾਰ ਸੁਰੱਖਿਆ ਕਰਮਚਾਰੀ

11/14/2017 8:55:00 PM

ਨਵੀਂ ਦਿੱਲੀ— ਗੁਜਰਾਤ 'ਚ ਆਗਾਮੀ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅਰਧ ਸੈਨਿਕ ਅਤੇ ਸੂਬਾ ਪੁਲਸ ਬਲਾਂ ਦੇ 60 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀ ਸੂਬੇ 'ਚ ਤਾਇਨਾਤ ਕੀਤੇ ਜਾਣਗੇ। ਗੁਜਰਾਤ ਦੀਆਂ 182 ਵਿਧਾਨਸਭਾ ਸੀਟਾਂ 'ਤੇ 2 ਪੜਾਅ 'ਚ ਹੋਣ ਵਾਲੀਆਂ ਚੋਣਾਂ ਦੌਰਾਨ ਸੁਰੱਖਿਆ ਲਈ ਕੇਂਦਰ ਨੇ ਟਰੇਨ ਦੀਆਂ 650 ਬੋਗੀਆ ਨੂੰ ਤਿਆਰ ਰੱਖਿਆ ਹੈ, ਜਿਸ 'ਚ ਸੁਰੱਖਿਆ ਕਰਮਚਾਰੀਆਂ ਨੂੰ ਇਥੇ ਭੇਜਿਆ ਜਾਵੇਗਾ।
ਗੁਜਰਾਤ ਦੀ 14ਵੀਂ ਵਿਧਾਨਸਭਾ ਦੀਆਂ ਚੋਣਾਂ ਦੋ ਪੜਾਅ 'ਚ ਹੋਣਗੀਆਂ। ਪਹਿਲਾਂ ਪੜਾਅ 9 ਦਸੰਬਰ ਅਤੇ ਦੂਜਾ 14 ਦਸੰਬਰ ਨੂੰ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰ ਦੇ ਸੂਤਰਾਂ ਮੁਤਾਬਕ ਕੇਂਦਰ ਨੂੰ ਗੁਜਰਾਤ ਚੋਣਾਂ ਲਈ ਕੇਂਦਰੀ ਹਥਿਆਰਬੰਦ ਪੁਲਸ ਅਤੇ ਸੂਬਾ ਪੁਲਸ ਬਲਾਂ ਦੀਆਂ 500 ਕੰਪਨੀਆਂ ਦੀ ਲੋੜ ਜਤਾਈ ਹੈ।
ਇਨ੍ਹਾਂ 500 ਕੰਪਨੀਆਂ 'ਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੀਆਂ 110, ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀਆਂ 90, ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਅੱੈਫ.) ਦੀਆਂ 80, ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਦੀਆਂ 40, ਇੰਡੋ ਤਿੱਬਤੀ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੀਆਂ 35 ਅਤੇ 34 ਕੰਪਨੀਆਂ ਹਥਿਆਰਬੰਦ ਸਰਹੱਦ ਬਲ (ਐੱਸ. ਐੱਸ. ਬੀ.) ਸ਼ਾਮਲ ਹਨ।
ਸੂਤਰਾਂ ਮੁਤਾਬਕ ਕੇਂਦਰੀ ਹਥਿਆਰਬੰਦ ਪੁਲਸ ਬਲ ਦੀਆਂ ਕੁੱਲ 389 ਕੰਪਨੀਆਂ ਅਤੇ ਸੂਬਾ ਪੁਲਸ ਬਲਾਂ ਦੀਆਂ 121 ਕੰਪਨੀਆਂ ਅਗਲੇ ਮਹੀਨੇ ਦੋ ਪੜਾਅ 'ਚ ਹੋਣ ਵਾਲੀਆਂ ਚੋਣਾਂ 'ਚ ਆਪਣੀ ਡਿਊਟੀ ਨਿਭਾਉਣਗੀਆਂ। ਤਾਇਨਾਤੀ ਦੌਰਾਨ ਬਾਵਰਚੀ, ਚਾਲਕ ਅਤੇ ਦੂਜੇ ਸਮਰਥਨ ਸਟਾਫ ਸਮੇਤ 121 ਕਰਮਚਾਰੀਆਂ ਦੀ ਇਕ ਕੰਪਨੀ ਵੀ ਤਿਆਰ ਕੀਤੀ ਗਈ ਹੈ।


Related News