ਗੁਜਰਾਤ : CRPF ਜਵਾਨ ਨੇ ਸਾਥੀਆਂ ''ਤੇ ਚਲਾਈਆਂ ਗੋਲੀਆਂ, 2 ਜਵਾਨਾਂ ਦੀ ਮੌਤ

11/27/2022 2:23:58 PM

ਪੋਰਬੰਦਰ (ਭਾਸ਼ਾ)- ਗੁਜਰਾਤ 'ਚ ਪੋਰਬੰਦਰ ਨੇੜੇ ਇਕ ਪਿੰਡ 'ਚ ਸ਼ਨੀਵਾਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨ ਨੇ ਆਪਣੇ ਸਾਥੀਆਂ 'ਤੇ ਗੋਲੀਬਾਰੀ ਕੀਤੀ, ਜਿਸ 'ਚ 2 ਜਵਾਨਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੋਰਬੰਦਰ ਦੇ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਏ.ਐੱਮ. ਸ਼ਰਮਾ ਨੇ ਕਿਹਾ ਕਿ ਇਹ ਜਵਾਨ ਮਣੀਪੁਰ ਦੀ ਸੀ.ਆਰ.ਪੀ.ਐੱਫ. ਬਟਾਲੀਅਨ ਨਾਲ ਸੰਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਵਾਨਾਂ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇੱਥੇ ਭੇਜਿਆ ਸੀ। ਪੋਰਬੰਦਰ ਜ਼ਿਲ੍ਹੇ 'ਚ ਪਹਿਲੇ ਪੜਾਅ 'ਚ ਇਕ ਦਸੰਬਰ ਨੂੰ ਵੋਟਿੰਗ ਹੋਵੇਗੀ।

ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸੀ.ਆਰ.ਪੀ.ਐੱਫ. ਦੇ ਜਵਾਨ ਪੋਰਬੰਦਰ ਤੋਂ ਲਗਭਗ 25 ਕਿਲੋਮੀਟਰ ਦੂਰ ਤੁਕੜਾ ਗੋਸਾ ਪਿੰਡ ਦੇ ਇਕ ਕੇਂਦਰ 'ਚ ਰੁਕੇ ਹੋਏ ਸਨ। ਸ਼ਰਮਾ ਨੇ ਕਿਹਾ,''ਸ਼ਨੀਵਾਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਇਕ ਜਵਾਨ ਨੇ ਆਪਣੇ ਸਾਥੀਆਂ ਤੇ ਅਸਾਲਟ ਰਾਈਫਲ ਨਾਲ ਗੋਲੀਬਾਰੀ ਕਰ ਦਿੱਤੀ। 2 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜਾਮਨਗਰ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ 'ਚੋਂ ਇਕ ਦੇ ਢਿੱਡ 'ਚ ਜਦੋਂ ਕਿ ਦੂਜੇ ਦੇ ਪੈਰ 'ਚ ਗੋਲੀ ਲੱਗੀ ਹੈ।'' ਅਧਿਕਾਰੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


DIsha

Content Editor

Related News