ਅੰਮ੍ਰਿਤਸਰ: ਢੱਲਾ ਜਿਊਲਰ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ
Sunday, May 17, 2026 - 10:18 PM (IST)
ਚੌਂਕ ਮਹਿਤਾ (ਕੈਪਟਨ) - ਥਾਣਾ ਮਹਿਤਾ ਅਧੀਨ ਕਸਬਾ ਨਾਥ ਦੀ ਖੂਹੀ ਵਿਖੇ ਢੱਲਾ ਜਿਊਲਰ ਨਾਂ ਦੀ ਦੁਕਾਨ ‘ਤੇ ਸ਼ਾਮ ਕਰੀਬ 6:32 ਵਜੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਕਸਬਾ ਨਾਥ ਦੀ ਖੂਹੀ ਅਤੇ ਨਾਲ ਲਗਦੇ ਇਲਾਕੇ ਅੰਦਰ ਲੋਕਾਂ ਦੇ ਵਿਚ ਡਰ ਤੇ ਸਹਿਮ ਦਾ ਮਹੌਲ ਦੇਖਣ ਨੂੰ ਮਿਲਿਆ। ਘਟਨਾ ਦੀ ਖ਼ਬਰ ਸੁਣਦਿਆਂ ਹੀ ਥਾਣਾ ਮਹਿਤਾ ਦੇ ਐੱਸ.ਐੱਚ.ਓ. ਜਸਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਵਾਰਦਾਤ ਮੌਕੇ ਜਿਉੂਲਰ ਦੀ ਦੁਕਾਨ ਦਾ ਸ਼ਟਰ ਬੰਦ ਸੀ। ਇਸ ਦੌਰਾਨ ਇਕ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ 2 ਨਕਾਬਪੋਸ਼ ਨੌਜਵਾਨ ਆਏ, ਜਿਨ੍ਹਾਂ ਨੇ ਦੁਕਾਨ ਦੇ ਸਾਹਮਣੇ ਮੋਟਰਸਾਈਕਲ ਰੋਕ ਕੇ ਦੁਕਾਨ ਦੇ ਸ਼ਟਰ ’ਚ ਸਿੱਧੀਆਂ ਗੋਲੀਆਂ ਮਾਰੀਆਂ ਅਤੇ ਤੁਰੰਤ ਉਥੋਂ ਫਰਾਰ ਹੋ ਗਏ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਮਹਿਸਮਪੁਰ ਕਲਾਂ ਦੇ ਇਕ 17 ਸਾਲਾਂ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਵਾਪਰੀ ਸੀ। ਇਲਾਕੇ ਦੇ ਲੋਕ ਅਜੇ ਉਸ ਦਹਿਸ਼ਤ ਵਿਚੋਂ ਬਾਹਰ ਨਹੀਂ ਨਿਕਲੇ ਸਨ ਕਿ ਅੱਜ ਦੁਬਾਰਾ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਉਣ ਨਾਲ ਆਪਣੀ ਸੁਰੱਖਿਆ ਨੂੰ ਲੈ ਕੇ ਲੋਕ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ।
