ਗੁਜਰਾਤ: ਭਾਜਪਾ ਨੇ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

Monday, Mar 25, 2024 - 11:06 AM (IST)

ਅਹਿਮਦਾਬਾਦ- ਸੱਤਾਧਾਰੀ ਭਾਜਪਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਗੁਜਰਾਤ ਤੋਂ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ਵਿਚ ਵਡੋਦਰਾ ਅਤੇ ਸਾਬਰਕਾਂਠਾ ਲਈ ਨਵੇਂ ਚਿਹਰੇ ਸ਼ਾਮਲ ਹਨ, ਜਿੱਥੇ ਪਾਰਟੀ ਉਮੀਦਵਾਰਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪਾਰਟੀ ਨੇ ਉਨ੍ਹਾਂ ਸਾਰੇ 26 ਚੋਣ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿਚ 7 ​​ਮਈ ਨੂੰ ਇਕੋ ਪੜਾਅ 'ਚ ਚੋਣਾਂ ਹੋਣੀਆਂ ਹਨ। ਭਾਜਪਾ ਨੇ ਐਤਵਾਰ ਦੇਰ ਰਾਤ ਜਾਰੀ ਕੀਤੀ 6 ਉਮੀਦਵਾਰਾਂ ਦੀ ਆਪਣੀ ਤਾਜ਼ਾ ਸੂਚੀ ਵਿਚ ਆਯੂਸ਼ ਅਤੇ ਬਾਲ ਵਿਕਾਸ ਰਾਜ ਮੰਤਰੀ ਮਹਿੰਦਰ ਮੁੰਜਪਾਰਾ ਸਮੇਤ ਸੁਰੇਂਦਰਨਗਰ ਤੋਂ 5 ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ।

ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਰੰਜਨ ਭੱਟ ਅਤੇ ਭੀਖਾਜੀ ਠਾਕੋਰ ਨੂੰ ਕ੍ਰਮਵਾਰ ਵਡੋਦਰਾ ਅਤੇ ਸਾਬਰਕਾਂਠਾ ਸੀਟਾਂ ਲਈ ਉਮੀਦਵਾਰ ਬਣਾਇਆ ਸੀ। ਹਾਲਾਂਕਿ ਸ਼ਨੀਵਾਰ ਨੂੰ ਦੋ ਵਾਰ ਦੇ ਸੰਸਦ ਭੱਟ ਅਤੇ ਠਾਕੋਰ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ। ਪਾਰਟੀ ਨੇ ਭੱਟ ਦੀ ਥਾਂ ਹੇਮਾਂਗ ਜੋਸ਼ੀ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦਕਿ ਠਾਕੋਰ ਦੀ ਥਾਂ ਸ਼ੋਭਨਾ ਬਰਈਆ ਚੋਣ ਲੜੇਗੀ। ਜੋਸ਼ੀ ਵਡੋਦਰਾ ਨਗਰ ਨਿਗਮ ਦੇ ਮਿਉਂਸਪਲ ਸਕੂਲ ਬੋਰਡ ਦੇ ਉਪ-ਚੇਅਰਮੈਨ ਹਨ। ਬਰਈਆ ਪ੍ਰਾਂਤੀਜ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਦੀ ਪਤਨੀ ਹੈ। ਬੀਜੇਪੀ ਨੇ ਜੂਨਾਗੜ੍ਹ ਤੋਂ ਆਪਣੇ ਸੰਸਦ ਮੈਂਬਰ ਰਾਜੇਸ਼ ਚੁਡਾਸਮਾ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਹੈ। ਇਹ ਤੀਜੀ ਵਾਰ ਲੋਕ ਸਭਾ ਚੋਣ ਲੜਨਗੇ। ਸੁਰੇਂਦਰਨਗਰ 'ਚ ਭਾਜਪਾ ਨੇ ਮੁੰਜਪਾੜਾ ਦੀ ਟਿਕਟ ਰੱਦ ਕਰਕੇ ਚੰਦੂ ਸ਼ਿਹੋਰਾ ਨੂੰ ਟਿਕਟ ਦਿੱਤੀ ਹੈ। ਉਹ ਮੋਰਬੀ ਨਗਰ ਪਾਲਿਕਾ ਦੇ ਸਾਬਕਾ ਚੇਅਰਮੈਨ ਸਨ।

ਭਾਜਪਾ ਨੇ ਮੇਹਸਾਣਾ ਤੋਂ ਸਰਦਾਬੇਨ ਪਟੇਲ ਦੀ ਥਾਂ ਹਰੀ ਪਟੇਲ ਨੂੰ ਟਿਕਟ ਦਿੱਤੀ ਹੈ। ਹਰੀ ਪਟੇਲ ਉਂਝਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਪਾਰਟੀ ਵਰਕਰ ਹਨ। ਅਮਰੇਲੀ ਸੀਟ ਲਈ, ਭਾਜਪਾ ਨੇ ਆਪਣੇ ਤਿੰਨ ਵਾਰ ਸੰਸਦ ਮੈਂਬਰ ਨਾਰਨ ਕਛੜੀਆ, ਜੋ ਅਮਰੇਲੀ ਜ਼ਿਲ੍ਹਾ ਪੰਚਾਇਤ ਪ੍ਰਧਾਨ ਹਨ, ਦੀ ਥਾਂ ਭਰਤ ਸੁਤਾਰੀਆ ਨੂੰ ਮੈਦਾਨ 'ਚ ਉਤਾਰਿਆ ਹੈ। ਕਾਂਗਰਸ ਗੁਜਰਾਤ ਦੀਆਂ 24 ਸੀਟਾਂ 'ਤੇ ਚੋਣ ਲੜ ਰਹੀ ਹੈ ਅਤੇ ਉਨ੍ਹਾਂ 'ਚੋਂ 17 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 'ਇੰਡੀਆ' ਗਠਜੋੜ 'ਚ ਆਪਣੀ ਸਹਿਯੋਗੀ ਪਾਰਟੀ 'ਆਮ ਆਦਮੀ ਪਾਰਟੀ' (ਆਪ) ਨੂੰ ਭਰੂਚ ਅਤੇ ਭਾਵਨਗਰ - ਦੋ ਸੀਟਾਂ ਦਿੱਤੀਆਂ ਹਨ। 'ਆਪ' ਨੇ ਦੋਵਾਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 2014 ਅਤੇ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ ਸੂਬੇ ਦੀਆਂ ਸਾਰੀਆਂ 26 ਸੀਟਾਂ ਜਿੱਤੀਆਂ ਸਨ।


Tanu

Content Editor

Related News