''ਡੌਂਕੀ'' ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਸੋਹਣਾ ਪੁੱਤ, ਅਮਰੀਕਾ ਜਾਂਦਿਆਂ ਰਸਤੇ ''ਚ ਹੀ ਹੋ ਗਈ ਦਰਦਨਾਕ ਮੌਤ
Sunday, Feb 23, 2025 - 02:36 AM (IST)

ਡੇਰਾਬੱਸੀ (ਅਨਿਲ ਸ਼ਰਮਾ)- ਡੇਰਾਬੱਸੀ ਬਲਾਕ ਦੇ ਪਿੰਡ ਸ਼ੇਖਪੁਰਾ ਕਲਾਂ ਦਾ ਇੱਕ 24 ਸਾਲਾ ਨੌਜਵਾਨ 8 ਮਹੀਨੇ ਪਹਿਲਾਂ ਡੌੰਕੀ ਰਾਹੀਂ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ। ਪਰ ਬਿਮਾਰੀ ਕਾਰਨ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਕੰਬੋਡੀਆ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਦੀਪ ਵਜੋਂ ਹੋਈ ਹੈ, ਜੋ ਕਿ ਸ਼ੇਖਪੁਰਾ ਕਲਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਰਣਦੀਪ ਦਾ ਪਰਿਵਾਰ ਉਸ ਦੀ ਲਾਸ਼ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਪੀੜਤ ਪਰਿਵਾਰ ਨੇ ਏਜੰਟ ਵਿਰੁੱਧ ਡੇਰਾਬੱਸੀ ਪੁਲਸ ਨੂੰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਰਣਦੀਪ (24) ਪੁੱਤਰ ਬਲਵਿੰਦਰ, ਪਿੰਡ ਸ਼ੇਖਪੁਰਾ ਕਲਾਂ ਨਿਵਾਸੀ, ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਅਤੇ ਹਾਲੇ ਕੁਵਾਰਾ ਸੀ। ਉਸ ਨੇ ਸਿਰਫ਼ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ ਅਤੇ ਉਸ ਦਾ ਅਮਰੀਕਾ ਜਾਣ ਦਾ ਸੁਪਨਾ ਸੀ। ਉਹ ਅੰਬਾਲਾ ਵਿੱਚ ਇੱਕ ਰਿਸ਼ਤੇਦਾਰ ਟ੍ਰੈਵਲ ਏਜੰਟ ਨਾਲ ਲਗਭਗ 43 ਲੱਖ ਰੁਪਏ ਦਾ ਸੌਦਾ ਕਰਨ ਤੋਂ ਬਾਅਦ ਅਮਰੀਕਾ ਲਈ ਘਰੋਂ ਚਲਾ ਗਿਆ ਸੀ।
ਇਹ ਵੀ ਪੜ੍ਹੋ- 5 ਸਾਲਾਂ ਤੋਂ ਵਿਦੇਸ਼ ਰਹਿ ਰਹੀ ਔਰਤ ਦੀ ਕੋਠੀ 'ਤੇ ਹੋ ਗਿਆ ਕਬਜ਼ਾ, ਮੰਤਰੀ ਭੁੱਲਰ ਨੇ ਇੰਝ ਦਿਵਾਈਆਂ 'ਚਾਬੀਆਂ'
ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਤੇ ਉਸ ਦਾ ਪਰਿਵਾਰ ਦਿਹਾੜੀ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ। ਕਿਸੇ ਤਰ੍ਹਾਂ ਉਸ ਨੇ ਕਰਜ਼ਾ ਲੈ ਕੇ 25 ਲੱਖ ਰੁਪਏ ਦਾ ਪ੍ਰਬੰਧ ਕੀਤਾ। ਇਸ ਦੌਰਾਨ ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਜਾਰੀ ਕੀਤਾ ਜੋ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਆਏ ਸਨ, ਜਿਸ ਕਾਰਨ ਏਜੰਟ ਉਸ ਨੂੰ ਲਗਭਗ 6 ਮਹੀਨਿਆਂ ਤੱਕ ਗੈਰ-ਕਾਨੂੰਨੀ ਤੌਰ 'ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਘੁੰਮਾਉਦਾ ਰਿਹਾ ਅਤੇ ਉਸ ਨੂੰ ਅਮਰੀਕਾ ਲਿਜਾਣ ਦੀ ਝੂਠੀ ਉਮੀਦ ਦਿੰਦਾ ਰਿਹਾ।
ਏਜੰਟ ਨੇ ਉਸ ਨੂੰ ਅਮਰੀਕਾ ਦੀ ਥਾਂ ਪਹਿਲਾਂ ਵੀਅਤਨਾਮ ਭੇਜਿਆ, ਜਿੱਥੇ ਉਹ ਤਿੰਨ ਮਹੀਨੇ ਰਿਹਾ। ਇਸ ਦੌਰਾਨ ਉਸ ਨੂੰ ਬਾਲਤੋੜ ਹੋ ਗਿਆ, ਜਿਸ ਦਾ ਸਮਾਂ ਰਹਿੰਦੇ ਇਲਾਜ ਨਾ ਹੋਣ ਕਾਰਨ ਉਸ ਦੀ ਇਨਫੈਕਸ਼ਨ ਵਧਦੀ ਗਈ। ਪਰਿਵਾਰਕ ਮੈਂਬਰਾਂ ਵੱਲੋਂ ਏਜੰਟ 'ਤੇ ਰਣਦੀਪ ਨੂੰ ਵਾਪਸ ਭੇਜਣ ਲਈ ਦਬਾਅ ਪਾਇਆ ਜਾ ਰਿਹਾ ਸੀ। ਏਜੰਟ ਉਨ੍ਹਾਂ ਨੂੰ ਅਮਰੀਕਾ ਦੀ ਥਾਂ ਅਸਟ੍ਰੇਲਿਆ ਜਾਂ ਕੈਨੇਡਾ ਭੇਜਣ ਦਾ ਆਫ਼ਰ ਦੇ ਰਿਹਾ ਸੀ। ਪਰ ਪਰਿਵਾਰ ਨੇ ਸਾਫ਼ ਮਨ੍ਹਾ ਕਰ ਦਿੱਤਾ ਅਤੇ ਮੁੰਡੇ ਨੂੰ ਵਾਪਸ ਭੇਜਣ ਲਈ ਕਿਹਾ।
ਇਹ ਵੀ ਪੜ੍ਹੋ- ਸਰਕਾਰੀ ਸਕੂਲ 'ਚ ਅਧਿਆਪਕਾਂ ਨੇ ਵਿਦਿਆਰਥਣਾਂ 'ਤੇ ਢਾਹਿਆ ਕਹਿਰ ! ਮਗਰੋਂ ਲਿਜਾਣਾ ਪਿਆ ਹਸਪਤਾਲ
ਪਰ ਏਜੰਟ ਨੇ ਉਸ ਨੂੰ ਬਿਨਾਂ ਪਾਸਪੋਰਟ ਦੇ ਕੰਬੋਡੀਆ ਭੇਜ ਦਿੱਤਾ, ਜਿਥੇ ਬਿਨਾਂ ਪਾਸਪੋਰਟ ਤੋਂ ਉਹ ਫਸ ਗਿਆ ਅਤੇ ਉਸ ਦੀ ਇਨਫੈਕਸ਼ਨ ਵਧਦੀ ਗਈ ਤੇ ਇਲਾਜ ਨਾ ਹੋਣ ਕਾਰਨ ਉਸ ਦੀ ਬੀਤੇ ਦਿਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹ ਗਰੀਬ ਪਰਿਵਾਰ ਤੋਂ ਸਬੰਧ ਰੱਖਦੇ ਹਨ। ਉਨ੍ਹਾਂ ਵੱਲੋਂ ਕਰਜ਼ਾ ਲੈ ਕੇ ਏਜੰਟ ਨੂੰ 25 ਲੱਖ ਰੁਪਏ ਦਿੱਤੇ ਹਨ ਪਰ ਨਾ ਪੈਸੇ ਰਹੇ ਅਤੇ ਨਾ ਹੀ ਉਨ੍ਹਾਂ ਦਾ ਲੜਕਾ ਰਿਹਾ। ਹਾਲੇ ਮ੍ਰਿਤਕ ਦੀ ਲਾਸ਼ ਨੂੰ ਵਾਪਸ ਲਿਆਉਣਾ ਹੈ। ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਨੇ ਏਜੰਟ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e