ਮੰਤਰੀ ਹਰਜੋਤ ਬੈਂਸ ਦਾ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਜੰਗ ਦਾ ਐਲਾਨ ; ਕੀਤੀ ਸਖ਼ਤ ਕਾਰਵਾਈ
Saturday, Feb 22, 2025 - 11:35 PM (IST)

ਚੰਡੀਗੜ੍ਹ/ਨੰਗਲ (ਅੰਕੁਰ, ਗੁਰਭਾਗ)- ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵੱਡੀ ਅਤੇ ਫੈਸਲਾਕੁੰਨ ਕਾਰਵਾਈ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਸ਼ਨੀਵਾਰ ਨੂੰ ਇਥੇ ਰੂਪਨਗਰ ਜ਼ਿਲ੍ਹੇ ’ਚ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਤਿੰਨ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਇਹ ਕਾਰਵਾਈ ਬੈਂਸ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਡੀ. ਸੀ.) ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ। ਮੰਤਰੀ ਨੇ ਦੱਸਿਆ ਕਿ ਦੋ ਐੱਫ.ਆਈ.ਆਰਜ਼ ਥਾਣਾ ਨੰਗਲ ਵਿਖੇ ਦਰਜ ਕੀਤੀਆਂ ਗਈਆਂ ਹਨ ਅਤੇ ਇਕ ਕਲਵਾਂ ਚੌਕੀ ਵਿਖੇ ਦਰਜ ਕੀਤੀ ਗਈ ਹੈ। ਇਹ ਤਿੰਨ ਐੱਫ.ਆਈ.ਆਰਜ਼ ਮਾਈਨਜ਼ ਐਂਡ ਮਿਨਰਲਜ਼ ਡਿਵੈਲਪਮੈਂਟ ਰੂਲਜ਼, 1957 ਦੀ ਧਾਰਾ 21 (1) ਅਤੇ 4 (1) ਤਹਿਤ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- 5 ਸਾਲਾਂ ਤੋਂ ਵਿਦੇਸ਼ ਰਹਿ ਰਹੀ ਔਰਤ ਦੀ ਕੋਠੀ 'ਤੇ ਹੋ ਗਿਆ ਕਬਜ਼ਾ, ਮੰਤਰੀ ਭੁੱਲਰ ਨੇ ਇੰਝ ਦਿਵਾਈਆਂ 'ਚਾਬੀਆਂ'
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਵਧਦੇ ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਹੋਰ ਵੀ ਕਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸਾਰੇ ਮਹੱਤਵਪੂਰਨ ਰੂਟਾਂ ਅਤੇ ਰਸਤਿਆਂ ’ਤੇ ਹਾਈ-ਰੈਜ਼ੋਲਿਊਸ਼ਨ ਨਾਈਟ ਵਿਜ਼ਨ ਕਲੋਜ਼ ਸਰਕਟ ਟੈਲੀਵਿਜ਼ਨ (ਸੀ.ਸੀ.ਟੀ.ਵੀ.) ਕੈਮਰੇ ਤੁਰੰਤ ਲਗਾਉਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਰਾਹੀਂ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਕੀਤੀ ਜਾ ਸਕਦੀ ਹੈ ਜਾਂ ਜਿਹੜੇ ਰਸਤੇ ਗੈਰ-ਕਾਨੂੰਨੀ ਮਾਈਨਿੰਗ ਲਈ ਹੌਟਸਪੌਟ ਵਜੋਂ ਪਛਾਣੇ ਗਏ ਖੇਤਰਾਂ ’ਚ ਹਨ।
ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹੇ ਵਿਚ ਚੱਲ ਰਹੇ ਹਰੇਕ ਕਰੱਸ਼ਰ ’ਤੇ ਵਿਆਪਕ ਛਾਪੇਮਾਰੀ ਕਰਨ ਦੇ ਹੁਕਮ ਦਿੱਤੇ। ਨਾਲ ਹੀ ਕਿਸੇ ਵੀ ਕਿਸਮ ਦੀਆਂ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਜ਼ਿਲਾ ਅਧਿਕਾਰੀਆਂ ਦੀ ਜਵਾਬਦੇਹੀ ਵਧਾਉਣ ਦੇ ਨਾਲ-ਨਾਲ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਖ਼ਿਲਾਫ਼ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਗ਼ੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਵਿਅਕਤੀ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਜਾਂ ਉਸ ਦਾ ਜਿੱਡਾ ਮਰਜ਼ੀ ਵੱਡਾ ਰੁਤਬਾ ਹੋਵੇ।
ਇਹ ਵੀ ਪੜ੍ਹੋ- ਵਿਦੇਸ਼ ਦੇ ਮੋਹ ਨੇ ਕੰਗਾਲ ਕਰ'ਤਾ ਇਕ ਹੋਰ ਪਰਿਵਾਰ, ਹੋ ਗਈ 35 ਲੱਖ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e