ਦੂਜੇ ਵਿਆਹ ਦੇ ਚਾਅ ਰਹੇ ਅਧੂਰੇ, ਪਹਿਲੀ ਪਤਨੀ ਨੇ ਲਵਾਈਆਂ ਹੱਥਕੜੀਆਂ

07/15/2020 2:41:53 PM

ਬੁਲੰਦਸ਼ਹਿਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਇਕ ਵਿਆਹੇ ਵਿਅਕਤੀ ਵਲੋਂ ਦੂਜਾ ਵਿਆਹ ਕਰਾਉਣਾ ਮਹਿੰਗਾ ਪੈ ਗਿਆ। ਦਰਅਸਲ ਦੂਜਾ ਨਿਕਾਹ ਪੜ੍ਹਵਾਉਣ ਦੌਰਾਨ ਉਸ ਦੀ ਪਤਨੀ ਪੁਲਸ ਨਾਲ ਨਿਕਾਹ ਵਾਲੀ ਥਾਂ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਜੇਲ੍ਹ ਭੇਜ ਦਿੱਤਾ ਹੈ। ਪਤਨੀ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਮੇਰਠ ਵਾਸੀ ਆਦਿਲ ਦਾ ਮੰਗਲਵਾਰ ਰਾਤ ਜ਼ਿਲ੍ਹੇ ਦੇ ਸਯਾਨਾ 'ਚ ਨਿਕਾਹ ਹੋਣਾ ਸੀ। ਕਾਜ਼ੀ ਵੀ ਆ ਚੁੱਕਾ ਸੀ। ਨਿਕਾਹ ਦੀ ਰਸਮ ਪੂਰੀ ਹੋ ਰਹੀ ਸੀ, ਤਾਂ ਉਸ ਸਮੇਂ ਆਦਿਲ ਦੀ ਪਤਨੀ ਰੂਬੀਨਾ ਨੂੰ ਆਪਣੇ ਪਤੀ ਦੇ ਦੂਜੇ ਵਿਆਹ ਦੀ ਜਾਣਕਾਰੀ ਮਿਲੀ। ਰੂਬੀਨਾ ਆਪਣੇ ਪਰਿਵਾਰ ਨਾਲ ਗਾਜ਼ੀਆਬਾਦ ਦੇ ਕੈਲਾ ਭੱਟਾ ਤੋਂ ਕੋਤਵਾਲੀ ਸਯਾਨਾ ਪਹੁੰਚ ਗਈ ਅਤੇ ਪੁਲਸ ਨੂੰ ਵਿਆਹ ਰੁਕਵਾਉਣ ਦੀ ਗੁਹਾਰ ਲਾਈ। 

ਪੁਲਸ ਮੌਕੇ 'ਤੇ ਪੁੱਜੀ ਅਤੇ ਵਿਆਹ ਰੋਕ ਦਿੱਤਾ। ਲਾੜਾ ਬਣੇ ਆਦਿਲ ਨੂੰ ਪੁਲਸ ਹਿਰਾਸਤ 'ਚ ਲੈ ਕੇ ਕੋਤਵਾਲੀ ਲੈ ਆਈ ਅਤੇ ਪਤਨੀ ਵਲੋਂ ਦਿੱਤੀ ਸ਼ਿਕਾਇਤ 'ਤੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਕੇ ਜੇਲ੍ਹ 'ਚ ਬੰਦ ਕਰ ਦਿੱਤਾ। ਪੀੜਤਾ ਨੇ ਪੁਲਸ 'ਚ ਦਰਜ ਸ਼ਿਕਾਇਤ ਵਿਚ ਕਿਹਾ ਕਿ ਉਸ ਦਾ ਨਿਕਾਹ ਸਾਢੇ 7 ਸਾਲ ਪਹਿਲਾਂ ਆਦਿਲ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨ ਬਾਅਦ ਦੋਹਾਂ ਵਿਚ ਝਗੜਾ ਹੋ ਗਿਆ। ਉਸ ਤੋਂ ਬਾਅਦ ਹੀ ਉਹ ਆਪਣੇ ਪੇਕੇ ਘਰ ਵਿਚ ਰਹਿ ਰਹੀ ਹੈ। ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦਾ ਪਤੀ ਵਿਆਹ ਕਰਨ ਜਾ ਰਿਹਾ ਹੈ। ਪੀੜਤਾ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ ਅਤੇ ਆਪਣੇ ਬੱਚੇ ਨਾਲ ਸਯਾਨਾ ਕੋਤਵਾਲੀ ਪਹੁੰਚ ਗਈ। 

ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਸ ਨੂੰ ਤਲਾਕ ਹੀ ਨਹੀਂ ਦਿੱਤਾ ਗਿਆ ਤਾਂ ਉਸ ਨਾਲ ਰਿਸ਼ਤਾ ਖਤਮ ਨਹੀਂ ਹੋਇਆ ਹੈ। ਪਤੀ ਆਖਰਕਾਰ ਕਿਸ ਆਧਾਰ 'ਤੇ ਦੂਜਾ ਵਿਆਹ ਕਰਨ ਚੱਲਾ ਸੀ। ਪੁਲਸ ਨੇ ਦੱਸਿਆ ਕਿ ਪੀੜਤਾ ਦਾ ਕਹਿਣਾ ਹੈ ਕਿ 7 ਸਾਲ ਦਾ ਉਸ ਦਾ ਇਕ ਬੇਟਾ ਵੀ ਹੈ ਅਤੇ ਪਤੀ ਵੱਖ ਰਹਿੰਦਾ ਹੈ। ਉਹ ਕੋਈ ਖਰਚਾ ਵੀ ਨਹੀਂ ਦਿੰਦਾ ਹੈ। ਪੁਲਸ ਮਤਾਬਕ ਮੀਆਂ-ਬੀਬੀ ਦਾ ਕੋਰਟ 'ਚ ਕੇਸ ਵੀ ਚੱਲ ਰਿਹਾ ਹੈ।


Tanu

Content Editor

Related News