ਜੈਮਾਲਾ ਪਾਉਣ ਮੌਕੇ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਮੁੜੀ ਬਰਾਤ

07/02/2020 11:14:33 AM

ਏਟਾ (ਵਾਰਤਾ)— ਉੱਤਰ ਪ੍ਰਦੇਸ਼ ਵਿਚ ਏਟਾ ਜ਼ਿਲੇ ਦੇ ਜਸਰਥਪੁਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਬਰਾਤ ਨੂੰ ਬੇਰੰਗ ਮੁੜਨਾ ਪਿਆ, ਜਦੋਂ ਜੈਮਾਲਾ ਦੇ ਸਮੇਂ ਲਾੜੀ ਨੇ ਆਪਣੇ ਸੁਫ਼ਨੇ ਦੇ ਰਾਜਕੁਮਾਰ ਦੀ ਥਾਂ ਦੂਜਾ ਵਿਅਕਤੀ ਵੇਖ ਕੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ। ਦਰਅਸਲ ਬਾੜਟਿੰਗਰਾ ਪਿੰਡ ਵਿਚ ਬੀਤੀ ਰਾਤ ਮੈਨਪੁਰ ਜ਼ਿਲੇ ਦੇ ਹਰਚੰਦਪੁਰ ਪਿੰਡ ਤੋਂ ਇਕ ਬਰਾਤ ਆਈ ਸੀ। ਰਿਬਨ ਕਟਾਈ ਦੀ ਰਸਮ ਮਗਰੋਂ ਜੈਮਾਲਾ ਦਾ ਸਮਾਂ ਆਇਆ। ਲਾੜੀ ਆਪਣੀਆਂ ਸਹੇਲੀਆਂ ਨਾਲ ਸਟੇਜ 'ਤੇ ਆਈ ਅਤੇ ਜਿਵੇਂ ਹੀ ਉਸ ਨੇ ਜੈਮਾਲਾ ਪਾਉਣ ਲਈ ਨਜ਼ਰਾਂ ਉੱਪਰ ਚੁੱਕੀਆਂ ਤਾਂ ਉਸ ਨੂੰ ਫੋਟੋ ਵਿਚ ਦਿਖਾਏ ਗਏ ਸ਼ਖਸ ਦੀ ਥਾਂ ਦੂਜਾ ਵਿਅਕਤੀ ਦਿੱਸਿਆ। ਸਟੇਜ 'ਤੇ ਹੀ ਲਾੜੀ ਨੇ ਜੈਮਾਲਾ ਪਾਉਣ ਤੋਂ ਇਨਕਾਰ ਕਰ ਦਿੱਤਾ। 

ਲਾੜੀ ਦੀ ਇਹ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਮਹਿਮਾਨ ਹੱਕੇ-ਬੱਕੇ ਰਹਿ ਗਏ ਅਤੇ ਵਿਆਹ 'ਚ ਚਰਚਾ ਛਿੜ ਗਈ ਕਿ ਲਾੜੀ ਨੇ ਇਹ ਕੀ ਆਖ ਦਿੱਤਾ। ਓਧਰ ਲਾੜੀ ਪੱਖ ਦੇ ਪਰਿਵਾਰ ਨੇ ਵੀ ਲਾੜੇ ਦੇ ਪਿਤਾ ਅਤੇ ਉਸ ਦੇ ਪਰਿਵਾਰ ਨਾਲ ਇਸ ਗੱਲ ਦਾ ਵਿਰੋਧ ਕੀਤਾ। ਦੇਖਦੇ ਹੀ ਦੇਖਦੇ ਬਰਾਤ ਵਿਚ ਵਿਵਾਦ ਭੱਖ ਗਿਆ। ਮਾਮਲਾ ਗਰਮ ਹੁੰਦੇ ਵੇਖ ਕੇ ਕਈ ਬਰਾਤੀ ਮੌਕੇ ਤੋਂ ਖਿਸਕ ਗਏ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿਚ ਜਸਰਥਪੁਰ ਥਾਣੇ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tanu

Content Editor

Related News