ਵਿਦਿਆਰਥੀਆਂ ਲਈ ਅਹਿਮ ਖਬਰ, ਹੁਣ 3 ਨਹੀਂ 4 ਸਾਲ ਦੀ ਹੋਵੇਗੀ ਗਰੈਜੂਏਸ਼ਨ

09/03/2019 11:21:46 AM

ਭੋਪਾਲ— ਸਮੇਂ-ਸਮੇਂ ’ਤੇ ਦੇਸ਼ ਦੀ ਸਿੱਖਿਆ ਨੀਤੀ ’ਚ ਵੱਡੇ ਬਦਲਾਅ ਕੀਤੇ ਜਾਂਦੇ ਹਨ। ਦੇਸ਼ ਦੇ ਭਵਿੱਖ ਕਹੇ ਜਾਣ ਵਾਲੇ ਵਿਦਿਆਰਥੀਆਂ ਲਈ ਪਾਠਕ੍ਰਮਾਂ ’ਚ ਬਦਲਾਅ ਅੱਜ ਦੇ ਸਮੇਂ ’ਚ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਕੜੀ ਤਹਿਤ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ’ਚ ਗਰੈਜੂਏਸ਼ਨ ਦਾ ਸਮਾਂ 3 ਤੋਂ ਵਧਾ ਕੇ 4 ਸਾਲ ਕੀਤੇ ਜਾਣ ’ਤੇ ਵਿਚਾਰ ਕਰ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ 4 ਸਾਲ ਦੇ ਸਮੇਂ ਦੇ ਪਾਠ¬ਕ੍ਰਮ ਤੋਂ ਬਾਅਦ ਵਿਦਿਆਰਥੀ ਸਿੱਧੇ ਪੀ. ਐੱਚ. ਡੀ. ਕਰ ਸਕਣਗੇ। ਇਸ ਲਈ ਪੋਸਟ ਗਰੈਜੂਏਟ ਹੋਣਾ ਜ਼ਰੂਰੀ ਨਹੀਂ ਰਹੇਗਾ। ਇਸ ਦੀ ਪੁਸ਼ਟੀ ਯੂ. ਜੀ. ਸੀ. ਦੇ ਪ੍ਰਧਾਨ ਪ੍ਰੋਫੈਸਰ ਡੀ. ਪੀ. ਸਿੰਘ ਨੇ ਕੀਤੀ ਹੈ।

ਮੌਜੂਦਾ ਸਮੇਂ ਵਿਚ ਗਰੈਜੂਏਸ਼ਨ 3 ਸਾਲ ਦੀ ਹੈ ਅਤੇ ਪੋਸਟ ਗਰੈਜੂਏਟ 2 ਸਾਲ ਦੀ ਹੁੰਦੀ ਹੈ। ਇਸ ਤੋਂ ਬਾਅਦ ਹੀ ਕਿਸੇ ਵਿਦਿਆਰਥੀ ਨੂੰ ਪੀ. ਐੱਚ. ਡੀ. ’ਚ ਦਾਖਲਾ ਮਿਲ ਸਕਦਾ ਹੈ। ਅਜਿਹੇ ਵਿਚ ਯੂ. ਜੀ. ਸੀ. ਦੇਸ਼ ਦੀ ਸਿੱਖਿਆ ਨੀਤੀ ਵਿਚ ਵੱਡੇ ਪੱਧਰ ’ਤੇ ਫੇਰਬਦਲ ਕਰਨ ਜਾ ਰਿਹਾ ਹੈ, ਇਸ ਲਈ ਯੂ. ਜੀ. ਸੀ. ਨੇ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਨੇ ਸਿੱਖਿਆ ਨੀਤੀ ਵਿਚ ਬਦਲਾਅ ਲਈ ਯੂ. ਜੀ. ਸੀ. ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕੋਈ ਵਿਦਿਆਰਥੀ ਜੇਕਰ 4 ਸਾਲ ਦੀ ਗਰੈਜੂਏਸ਼ਨ ਕਰਨ ਤੋਂ ਬਾਅਦ ਪੀ. ਐੱਚ. ਡੀ. ਦੀ ਬਜਾਏ ਪੋਸਟ ਗਰੈਜੂਏਟ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਦੀ ਛੋਟ ਮਿਲੇਗੀ। ਨਵੀਂ ਨੀਤੀ ਅਗਲੇ ਸਾਲ ਤੋਂ ਲਾਗੂ ਕੀਤੀ ਜਾ ਸਕਦੀ ਹੈ। 


 


Tanu

Content Editor

Related News