RG Kar Medical ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਮੁਅੱਤਲ, ਗ੍ਰਿਫ਼ਤਾਰੀ ਪਿੱਛੋਂ ਸਰਕਾਰ ਨੇ ਲਿਆ ਐਕਸ਼ਨ
Tuesday, Sep 03, 2024 - 10:22 PM (IST)
ਕੋਲਕਾਤਾ : ਆਰ. ਜੀ. ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਬੰਗਾਲ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸੰਦੀਪ ਘੋਸ਼ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਘੋਸ਼ ਨੂੰ 2021 ਤੋਂ ਸੰਸਥਾ ਵਿਚ ਕਥਿਤ ਵਿੱਤੀ ਘੁਟਾਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਘੋਸ਼ ਨੂੰ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 8 ਦਿਨਾਂ ਦੀ ਸੀਬੀਆਈ ਹਿਰਾਸਤ ਵਿਚ ਭੇਜ ਦਿੱਤਾ ਗਿਆ। ਅਦਾਲਤੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਘੋਸ਼, ਉਸ ਦੇ ਨਿੱਜੀ ਸੁਰੱਖਿਆ ਅਧਿਕਾਰੀ ਅਫਸਰ ਅਲੀ ਖਾਨ ਅਤੇ ਦੋ ਵਿਕਰੇਤਾਵਾਂ ਨੂੰ ਅਲੀਪੁਰ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਚਾਰੋਂ ਮੁਲਜ਼ਮਾਂ ਨੂੰ 8 ਦਿਨਾਂ ਦੀ ਸੀਬੀਆਈ ਹਿਰਾਸਤ ਵਿਚ ਭੇਜ ਦਿੱਤਾ। ਸੀਬੀਆਈ ਦੇ ਵਕੀਲ ਨੇ ਮੁਲਜ਼ਮਾਂ ਦੀ 10 ਦਿਨਾਂ ਦੀ ਰਿਮਾਂਡ ਮੰਗੀ ਸੀ। ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਵੱਡੇ ਪੱਧਰ 'ਤੇ ਗਠਜੋੜ ਹੈ ਜਿਸ ਦੀ ਜਾਂਚ ਅਤੇ ਪਰਦਾਫਾਸ਼ ਕੀਤੇ ਜਾਣ ਦੀ ਲੋੜ ਹੈ ਅਤੇ ਇਸ ਲਈ ਕਥਿਤ ਘੁਟਾਲੇ ਦੇ ਪਿੱਛੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ। ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਘੋਸ਼ ਅਤੇ ਤਿੰਨ ਹੋਰਾਂ ਨੂੰ ਸੋਮਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਸੀ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਘੋਸ਼ ਦੇ ਨਿੱਜੀ ਬਾਊਂਸਰ ਅਫਸਰ ਅਲੀ ਖਾਨ ਅਤੇ ਹਸਪਤਾਲ ਨੂੰ ਸਮੱਗਰੀ ਸਪਲਾਈ ਕਰਨ ਵਾਲੇ ਦੋ ਵਿਕਰੇਤਾ ਬਿਪਲਬ ਸਿੰਘਾ ਅਤੇ ਸੁਮਨ ਹਜ਼ਾਰਾ ਸ਼ਾਮਲ ਹਨ। ਖਾਨ ਦਾ ਨਾਂ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਜਿਸ ਵਿਚ ਉਹ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਨਾਲ ਆਪਣੇ ਚੰਗੇ ਸਬੰਧਾਂ ਦੀ ਸ਼ੇਖੀ ਮਾਰ ਰਿਹਾ ਸੀ। ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਡਾ. ਅਖਤਰ ਅਲੀ ਨੇ ਘੋਸ਼ ਦੇ 2021 ਤੋਂ ਪ੍ਰਿੰਸੀਪਲ ਦੇ ਕਾਰਜਕਾਲ ਦੌਰਾਨ ਸਥਾਪਨਾ ਵਿਚ ਕਈ ਮਾਮਲਿਆਂ ਵਿਚ ਵਿੱਤੀ ਬੇਨਿਯਮੀਆਂ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8