ਗੂਗਲ ਮੈਪ ’ਤੇ ਭਰੋਸਾ ਕਰਨਾ ਮਹਿੰਗਾ ਪਿਆ, ਕਾਰ ਨੂੰ ਲੱਗੀ ਭਿਆਨਕ ਅੱਗ, 2 ਲੱਖ ਰੁਪਏ ਨਕਦ ਵੀ ਸੜ ਗਏ
Wednesday, Nov 26, 2025 - 10:00 PM (IST)
ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਇਕ ਵਿਅਕਤੀ ਨੂੰ ਗੂਗਲ ਮੈਪ ’ਤੇ ਭਰੋਸਾ ਕਰਨਾ ਬਹੁਤ ਮਹਿੰਗਾ ਪਿਆ। ਚਿੱਕੜ ’ਚ ਫਸਣ ਕਾਰਨ ਉਸ ਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ ਤੇ ਉਹ ਕੁਝ ਮਿੰਟਾਂ ’ਚ ਹੀ ਸੜ ਕੇ ਸੁਆਹ ਹੋ ਗਈ।
ਲਗਭਗ 2 ਲੱਖ ਰੁਪਏ ਨਕਦ, ਇਕ ਲੈਪਟਾਪ ਤੇ ਦੋ ਮੋਬਾਈਲ ਫੋਨ ਵੀ ਸੜ ਗਏ। ਡਰਾਈਵਰ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਅ ਲਈ। ਨਵੀਂ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਦਾ ਰਹਿਣ ਵਾਲਾ ਰਾਜਨ ਸਾਹਨੀ ਆਪਣੇ ਮਾਮਾ ਡਾਕਟਰ ਏ. ਕੇ. ਨਥਾਨੀ ਦੇ ਘਰ ਇਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਹਰਦੋਈ ਆਇਆ ਸੀ। ਦਿੱਲੀ ਵਾਪਸ ਆਉਂਦੇ ਸਮੇਂ ਉਸ ਨੇ ਗੂਗਲ ਮੈਪ ਦੀ ਵਰਤੋਂ ਕਰਦੇ ਹੋਏ ਪਿਹਾਨੀ ਚੁੰਗੀ ਨੇੜੇ ਤੰਗ ਗਲੀਆਂ ’ਚ ਮੁੜਨ ਦੀ ਕੋਸ਼ਿਸ਼ ਕੀਤੀ।
ਤੰਗ ਤੇ ਟੇਢੀਆਂ-ਮੇਢੀਆਂ ਗਲੀਆਂ ’ਚੋਂ ਲੰਘਣ ਦੌਰਾਨ ਕਾਰ ਇਕ ਛੱਪੜ ਨੇੜੇ ਚਿੱਕੜ ’ਚ ਫਸ ਗਈ। ਕਾਰ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਦੌਰਾਨ ਇੰਜਣ ਗਰਮ ਹੋ ਗਿਆ ਤੇ ਮਿੰਟਾਂ ’ਚ ਹੀ ਕਾਰ ਦੇ ਅਗਲੇ ਹਿੱਸੇ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਅੱਗ ਤੇਜ਼ੀ ਨਾਲ ਫੈਲ ਗਈ। ਸੂਚਨਾ ਮਿਲਦਿਆਂ ਹੀ ਫਾਇਰ ਵਿਭਾਗ ਦੀ ਟੀਮ ਤੇ ਸਥਾਨਕ ਲੋਕ ਮੌਕੇ ਤੇ ਪਹੁੰਚੇ ਤੇ ਅੱਗ ’ਤੇ ਕਾਬੂ ਪਾਇਆ।
