ਗੋਆ ''ਚ ਕੋਰੋਨਾ ਨਾਲ ਪਹਿਲੀ ਮੌਤ, 85 ਸਾਲਾ ਜਨਾਨੀ ਨੇ ਤੋੜਿਆ ਦਮ
Monday, Jun 22, 2020 - 03:01 PM (IST)
ਨੈਸ਼ਨਲ ਡੈਸਕ- ਗੋਆ 'ਚ ਕੋਰੋਨਾ ਵਾਇਰਸ ਨਾਲ ਪੀੜਤ 85 ਸਾਲਾ ਇਕ ਜਨਾਨੀ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ। ਸੂਬੇ 'ਚ ਵਾਇਰਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਉੱਤਰੀ ਗੋਆ ਜ਼ਿਲ੍ਹੇ ਦੇ ਮੋਰਲੇਮ ਪਿੰਡ ਦੀ ਇਕ ਜਨਾਨੀ ਦਾ ਈ.ਐੱਸ.ਆਈ. ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸੂਬਾ ਸਰਕਾਰ ਪਹਿਲਾਂ ਹੀ ਮੋਰਲੇਮ ਪਿੰਡ ਨੂੰ ਕੋਵਿਡ-19 ਕੰਟੇਨਮੈਂਟ ਜ਼ੋਨ ਐਲਾਨ ਕਰ ਚੁਕੀ ਹੈ। ਰਾਣੇ ਨੇ ਦੱਸਿਆ ਕਿ ਅੱਜ ਯਾਨੀ ਸੋਮਵਾਰ ਨੂੰ ਮੋਰਲੇਮ ਪਿੰਡ ਦੀ 85 ਸਾਲਾ ਜਨਾਨੀ ਨੇ ਦਮ ਤੋੜ ਦਿੱਤਾ। ਪਰਿਵਾਰ ਨਾਲ ਮੇਰੀ ਹਮਦਰਦੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਗੋਆ ਨੂੰ ਸੁਰੱਖਿਅਤ ਰੱਖਣ ਲਈ ਸੂਬਾ ਸਰਕਾਰ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟੀਮ ਗੋਆ ਇਕਜੁਟ ਹੈ ਅਤੇ ਆਪਣਾ ਸਰਵਸ਼੍ਰੇਸ਼ਠ ਕਰ ਰਹੀ ਹੈ। ਸਖਤ ਤਰੀਕਿਆਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਮੌਤ ਮੰਦਭਾਗੀ ਹੈ। ਰਾਣੇ ਨੇ ਲੋਕਾਂ ਨੂੰ ਸਬਰ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਕੋਵਿਡ-19 ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਗੋਆ 'ਚ ਐਤਵਾਰ ਤੱਕ ਕੋਵਿਡ-19 ਦੇ 818 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 683 ਦਾ ਇਲਾਜ ਚੱਲ ਰਿਹਾ ਹੈ।