ਲਾਹੌਲ-ਸਪਿਤੀ ’ਚ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ, ਵੱਡੀ ਤਬਾਹੀ ਦਾ ਖ਼ਤਰਾ
Saturday, Aug 07, 2021 - 11:25 AM (IST)
ਮਨਾਲੀ— ਹਿਮਾਚਲ ਪ੍ਰਦੇਸ਼ ਵਿਚ ਚਮੋਲੀ ਅਤੇ ਕੇਦਾਰਨਾਥ ਵਰਗੀ ਕੁਦਰਤੀ ਆਫ਼ਤ ਦੇ ਆਉਣ ਦੀ ਸੰਭਾਵਨਾ ਵੱਧ ਰਹੀ ਹੈ। ਜਿਸ ਰਫ਼ਤਾਰ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਇਸ ਤੋਂ ਆਫ਼ਤ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਨੂੰ ਰੋਕਣ ਲਈ ਵਿਗਿਆਨਕ ਸ਼ੋਧ ਕੰਮ ਵਿਚ ਰੁੱਝੇ ਹੋਏ ਹਨ। ਹਿਮਾਚਲ ਪ੍ਰਦੇਸ਼ ਕੌਂਸਲ ਫਾਰ ਸਾਇੰਸ, ਤਕਨਾਲੋਜੀ ਐਂਡ ਐਨਵਾਇਰਨਮੈਂਟ ਦੀ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੀਆਂ 4 ਨਦੀਆਂ ਸਤਲੁਜ, ਚਿਨਾਬ, ਰਾਵੀ ਅਤੇ ਬਿਆਸ ਘਾਟੀ ’ਚ ਤਕਰੀਬਨ ਅਜਿਹੀਆਂ 1600 ਝੀਲਾਂ ਹਨ, ਜੋ ਜਲਵਾਯੂ ਤਬਦੀਲੀ ਕਾਰਨ ਹਿਮਾਚਲ ਵਿਚ ਕਦੇ ਵੀ ਵੱਡੀ ਆਫ਼ਤ ਲਿਆ ਸਕਦੀ ਹੈ। ਵਿਗਿਆਨੀਆਂ ਮੁਤਾਬਕ ਲਾਹੌਲ-ਸਪਿਤੀ ਦੀ ਚੰਦਰਾ ਵੈਲੀ ਵਿਚ ਕਰੀਬ 65 ਗਲੇਸ਼ੀਅਰਾਂ ਤੋਂ 360 ਝੀਲਾਂ ਬਣਨ ਜਾ ਰਹੀਆਂ ਹਨ, ਜੋ ਕਦੇ ਵੀ ਚਮੋਲੀ ਅਤੇ ਕੇਦਾਰਨਾਥ ਵਰਗੀ ਆਫ਼ਤ ਨੂੰ ਭਵਿੱਖ ’ਚ ਲਿਆ ਸਕਦੀ ਹੈ।
ਕੌਂਸਲ ਫਾਰ ਸਾਇੰਸ, ਤਕਨਾਲੋਜੀ ਐਂਡ ਐਨਵਾਇਰਨਮੈਂਟ ਦੇ ਡਾ. ਅੰਕੁਰ ਪੰਡਿਤ ਨੇ ਦੱਸਿਆ ਕਿ ਸਿਸਸੂ ਪਿੰਡ ਉੱਪਰ ਘੇਪਲ ਝੀਲ ’ਚ ਗਲੇਸ਼ੀਅਰਾਂ ਦੇ ਪਿਘਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨਾਲ ਝੀਲ ਦੇ ਪਾਣੀ ਦਾ ਪੱਧਰ ਵਧਣ ਨਾਲ ਇਸ ਪਿੰਡ ਨੂੰ ਖ਼ਤਰਾ ਹੋ ਸਕਦਾ ਹੈ। ਸਥਾਨਕ ਪੰਚਾਇਤ ਪ੍ਰਧਾਨ ਸੁਮਨ ਠਾਕੁਰ ਦਾ ਕਹਿਣਾ ਹੈ ਕਿ ਅੱਜ ਤੱਕ ਘੇਪਲ ਝੀਲ ਤੋਂ ਨਿਕਲਣ ਵਾਲੇ ਨਾਲਿਆਂ ਤੋਂ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਨਾਲ ਗਲੋਬਲ ਵਾਰਮਿੰਗ ਦਾ ਸਮਾਂ ਚੱਲ ਰਿਹਾ ਹੈ, ਉਸ ਤੋਂ ਭਵਿੱਖ ’ਚ ਖ਼ਤਰਾ ਵੱਧ ਸਕਦਾ ਹੈ।
ਵਿਗਿਆਨਕਾਂ ਦੀ ਰਿਪੋਰਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਲਾਹੌਲ-ਸਪਿਤੀ ਦਾ ਬਾਰਾਸ਼ਿਗਲੀ ਗਲੇਸ਼ੀਅਰ ਸਭ ਤੋਂ ਵੱਡਾ ਗਲੇਸ਼ੀਅਰ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਵਿਚ ਵੀ ਭਵਿੱਖ ’ਚ ਗਲੇਸ਼ੀਅਰ ਦੇ ਪਿਘਲਣ ਤੋਂ ਬਣਨ ਵਾਲੀਆਂ ਝੀਲਾਂ ਦਾ ਪਤਾ ਲਗਾਉਣਾ ਚੁਣੌਤੀਪੂਰਨ ਹੈ। ਹਿਮਾਚਲ ਦੇ ਸਤਲੁਜ ਬੇਸਿਨ ਵਿਚ 769 ਝੀਲਾਂ, ਚਿਨਾਬ ’ਚ 254 ਝੀਲਾਂ ਅਤੇ ਰਾਵੀ ਤੇ ਬਿਆਨ ਨੂੰ ਮਿਲਾ ਕੇ ਕੁੱਲ 1600 ਝੀਲਾਂ ਹਨ, ਜੋ ਭਵਿੱਖ ਵਿਚ ਅਚਨਚੇਤ ਹੜ੍ਹ ਦੀ ਸਥਿਤੀ ਨੂੰ ਉਜਾਗਰ ਕਰ ਸਕਦਾ ਹੈ।