ਇਸ਼ਕ 'ਚ ਅੰਨ੍ਹੀ ਹੋਈ ਕੁੜੀ ! ਪ੍ਰੇਮੀ ਦਾ ਕਿਸੇ ਹੋਰ ਨਾਲ ਹੋਇਆ ਵਿਆਹ ਤਾਂ ਪਤਨੀ ਨੂੰ ਲਾ'ਤਾ HIV ਦਾ 'ਟੀਕਾ'
Sunday, Jan 25, 2026 - 05:09 PM (IST)
ਕੁਰਨੂਲ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇੱਥੇ ਇਕ ਔਰਤ ਨੇ ਆਪਣੇ ਸਾਬਕਾ ਪ੍ਰੇਮੀ ਦੀ ਪਤਨੀ ਨੂੰ ਐੱਚ.ਆਈ.ਵੀ. (HIV) ਪਾਜ਼ੇਟਿਵ ਖੂਨ ਦਾ ਇੰਜੈਕਸ਼ਨ ਲਗਾ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਮੁੱਖ ਮੁਲਜ਼ਮ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਿਆਰ 'ਚ ਨਾਕਾਮੀ ਬਣੀ ਸਾਜ਼ਿਸ਼ ਦੀ ਵਜ੍ਹਾ
ਪੁਲਸ ਮੁਤਾਬਕ ਮੁੱਖ ਮੁਲਜ਼ਮ ਦੀ ਪਛਾਣ ਬੀ. ਬੋਇਆ ਵਸੁੰਧਰਾ (34) ਵਜੋਂ ਹੋਈ ਹੈ। ਵਸੁੰਧਰਾ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਸੀ ਕਿ ਉਸ ਦੇ ਸਾਬਕਾ ਪ੍ਰੇਮੀ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਹੈ। ਇਸੇ ਬਦਲੇ ਦੀ ਅੱਗ 'ਚ ਉਸ ਨੇ ਆਪਣੇ ਪ੍ਰੇਮੀ ਦੇ ਪਰਿਵਾਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ। ਇਸ ਸਾਜ਼ਿਸ਼ 'ਚ ਉਸ ਨੇ ਇਕ ਨਰਸ ਕੋਂਗ ਜਯੋਤੀ (40) ਅਤੇ ਉਸ ਦੇ 2 ਬੱਚਿਆਂ ਨੂੰ ਵੀ ਸ਼ਾਮਲ ਕੀਤਾ।
ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਇਹ ਘਟਨਾ 9 ਜਨਵਰੀ ਨੂੰ ਦੁਪਹਿਰ ਵੇਲੇ ਉਦੋਂ ਵਾਪਰੀ, ਜਦੋਂ ਪੀੜਤ ਮਹਿਲਾ ਡਾਕਟਰ, ਜੋ ਕਿ ਇਕ ਮੈਡੀਕਲ ਕਾਲਜ 'ਚ ਸਹਾਇਕ ਪ੍ਰੋਫੈਸਰ ਹੈ, ਸਕੂਟਰ 'ਤੇ ਘਰ ਜਾ ਰਹੀ ਸੀ। ਮੁਲਜ਼ਮਾਂ ਨੇ ਪਹਿਲਾਂ ਮੋਟਰਸਾਈਕਲ ਨਾਲ ਉਸ ਦੇ ਸਕੂਟਰ ਨੂੰ ਟੱਕਰ ਮਾਰੀ ਤਾਂ ਜੋ ਇਸ ਨੂੰ ਸੜਕ ਹਾਦਸਾ ਦਿਖਾਇਆ ਜਾ ਸਕੇ। ਜਦੋਂ ਮਹਿਲਾ ਡਾਕਟਰ ਸੜਕ 'ਤੇ ਡਿੱਗ ਗਈ, ਤਾਂ ਵਸੁੰਧਰਾ ਮਦਦ ਕਰਨ ਦੇ ਬਹਾਨੇ ਉਸ ਦੇ ਕੋਲ ਪਹੁੰਚੀ। ਉਸ ਨੂੰ ਆਟੋ ਰਿਕਸ਼ਾ 'ਚ ਬਿਠਾਉਣ ਦੀ ਕੋਸ਼ਿਸ਼ ਕਰਦੇ ਸਮੇਂ ਵਸੁੰਧਰਾ ਨੇ ਉਸ ਨੂੰ ਐੱਚ.ਆਈ.ਵੀ. ਸੰਕਰਮਿਤ ਖੂਨ ਵਾਲਾ ਇੰਜੈਕਸ਼ਨ ਲਗਾ ਦਿੱਤਾ। ਪੀੜਤ ਮਹਿਲਾ ਵੱਲੋਂ ਰੌਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਹਸਪਤਾਲ ਤੋਂ ਚੋਰੀ ਕੀਤਾ ਸੀ ਸੰਕਰਮਿਤ ਖੂਨ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਸਰਕਾਰੀ ਹਸਪਤਾਲ 'ਚ ਇਲਾਜ ਕਰਵਾ ਰਹੇ ਐੱਚ.ਆਈ.ਵੀ. ਮਰੀਜ਼ਾਂ ਦੇ ਖੂਨ ਦੇ ਨਮੂਨੇ ਇਹ ਕਹਿ ਕੇ ਹਾਸਲ ਕੀਤੇ ਸਨ ਕਿ ਇਨ੍ਹਾਂ ਦੀ ਜਾਂਚ ਹੋਣੀ ਹੈ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਸ ਸੰਕਰਮਿਤ ਖੂਨ ਨੂੰ ਫਰਿੱਜ 'ਚ ਸਟੋਰ ਕਰਕੇ ਰੱਖਿਆ ਸੀ ਤਾਂ ਜੋ ਮੌਕਾ ਮਿਲਣ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ।
ਪੁਲਸ ਦੀ ਕਾਰਵਾਈ
ਪੀੜਤ ਮਹਿਲਾ ਦਾ ਪਤੀ, ਜੋ ਖੁਦ ਇਕ ਡਾਕਟਰ ਹੈ, ਦੀ ਸ਼ਿਕਾਇਤ 'ਤੇ ਕੁਰਨੂਲ ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ (ਜਿਵੇਂ 126(2), 118(1), 272) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
