ਮੁੰਬਈ ''ਚ ਚੱਲਦੀ ਰੇਲ ਗੱਡੀ ''ਚ ਵਿਦਿਆਰਥਣ ਨਾਲ ਛੇੜਛਾੜ ਅਤੇ ਕੁੱਟਮਾਰ, ਦੋਸ਼ੀ ਗ੍ਰਿਫ਼ਤਾਰ

06/09/2022 1:06:03 PM

ਮੁੰਬਈ (ਭਾਸ਼ਾ)- ਮੁੰਬਈ 'ਚ ਚੱਲਦੀ ਲੋਕਲ ਰੇਲ ਗੱਡੀ 'ਚ ਇਕ ਵਿਅਕਤੀ ਨੇ ਇਕ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਕੁੱਟਮਾਰ ਅਤੇ ਛੇੜਛਾੜ ਕੀਤੀ ਅਤੇ ਫਿਰ ਉਸਦਾ ਬੈਗ, ਮੋਬਾਈਲ ਫੋਨ ਖੋਹ ਲਿਆ। ਹਾਲਾਂਕਿ, ਉਹ ਚਰਚਗੇਟ ਰੇਲਵੇ ਸਟੇਸ਼ਨ ਤੋਂ ਭੱਜਦੇ ਸਮੇਂ ਫੜਿਆ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ, ਜਦੋਂ 20 ਸਾਲਾ ਕਾਲਜ ਦੀ ਵਿਦਿਆਰਥਣ ਪ੍ਰਭਾਦੇਵੀ ਤੋਂ ਦੱਖਣੀ ਮੁੰਬਈ ਦੇ ਚਰਚਗੇਟ ਜਾ ਰਹੀ ਸੀ। ਵਿਦਿਆਰਥਣ ਡੱਬੇ 'ਚ ਇਕੱਲੀ ਸੀ, ਜਦੋਂ ਮੁਲਜ਼ਮ ਪੱਪੂ ਗੁਪਤਾ ਡੱਬੇ 'ਚ ਆ ਕੇ ਉਸ ਦੇ ਕੋਲ ਬੈਠ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੀੜਤਾ ਉੱਥੋਂ ਉੱਠ ਕੇ ਡੱਬੇ ਦੇ ਦਰਵਾਜ਼ੇ ਕੋਲ ਜਾ ਖੜ੍ਹੀ ਹੋ ਗਈ। ਜਦੋਂ ਰੇਲਗੱਡੀ ਚਰਨੀ ਰੋਡ ਸਟੇਸ਼ਨ ਪਾਰ ਕਰਨ ਲੱਗੀ ਤਾਂ ਦੋਸ਼ੀ ਉੱਠਿਆ ਅਤੇ ਪੀੜਤਾ ਦਾ ਬੈਗ, ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵਿਰੋਧ ਕੀਤਾ। ਇਸ ਦੌਰਾਨ ਵਿਦਿਆਰਥਣ ਡੱਬੇ 'ਚ ਡਿੱਗ ਗਈ। ਇਸ ਤੋਂ ਬਾਅਦ ਕਥਿਤ ਤੌਰ 'ਤੇ ਮੁਲਜ਼ਮ ਨੇ ਪੀੜਤਾ ਨੂੰ ਵਾਲਾਂ ਤੋਂ ਖਿੱਚਿਆ, ਉਸ ਦੇ ਬੁੱਲ੍ਹਾਂ ਨੂੰ ਕੱਟਿਆ ਅਤੇ ਫਿਰ ਉਸ ਦਾ ਬੈਗ ਅਤੇ ਮੋਬਾਈਲ ਫੋਨ ਖੋਹ ਲਿਆ।

ਉਨ੍ਹਾਂ ਦੱਸਿਆ ਕਿ ਪੀੜਤਾ ਨੇ ਮਦਦ ਲਈ ਰੌਲਾ ਪਾਇਆ, ਜਿਸ ਤੋਂ ਬਾਅਦ ਚਰਚਗੇਟ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਜਦੋਂ ਰੇਲ ਗੱਡੀ ਹੌਲੀ ਹੋ ਗਈ ਤਾਂ ਦੋਸ਼ੀ ਨੇ ਛਾਲ ਮਾਰ ਦਿੱਤੀ ਅਤੇ ਦੌੜਨਾ ਸ਼ੁਰੂ ਕਰ ਦਿੱਤਾ। ਪੀੜਤਾ ਦੀ ਆਵਾਜ਼ ਸੁਣ ਕੇ ਸਟੇਸ਼ਨ 'ਤੇ ਮੌਜੂਦ ਕੁਝ ਰਾਹਗੀਰਾਂ ਅਤੇ ਪੁਲਸ ਮੁਲਾਜ਼ਮਾਂ ਨੇ ਮੁਲਜ਼ਮ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ, ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁੰਬਈ ਜੀ.ਆਰ.ਪੀ. ਕਮਿਸ਼ਨਰ ਕੈਸਰ ਖਾਲਿਦ ਨੇ ਬੁੱਧਵਾਰ ਰਾਤ ਨੂੰ ਇਕ ਟਵੀਟ ਵਿਚ ਕਿਹਾ, “ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਜਾਂਚ ਦੀ ਅਗਵਾਈ ਕਰ ਰਹੇ ਹਨ। ਪੀੜਤਾ ਦੇ ਨਾਲ ਜੋ ਹੋਇਆ ਉਸ ਲਈ ਸਾਨੂੰ ਅਫ਼ਸੋਸ ਹੈ, ਉਸ ਦੀ ਸ਼ਿਕਾਇਤ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।'' ਉਨ੍ਹਾਂ ਦੱਸਿਆ ਕਿ ਆਈ.ਪੀ.ਸੀ. ਦੀ ਧਾਰਾ 354, 393 ਅਤੇ 394 ਅਤੇ ਰੇਲਵੇ ਐਕਟ ਦੇ ਪ੍ਰਬੰਧਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor

Related News