ਨਰਸਿੰਗ ਦੀ ਵਿਦਿਆਰਥਣ ਨੇ ਦਿਖਾਈ ਹਿੰਮਤ, ਚੱਲਦੀ ਟਰੇਲ ''ਚ ਕਰਵਾਈ ਡਿਲਿਵਰੀ
Friday, Apr 26, 2024 - 05:45 PM (IST)
ਫੁਲੇਰਾ- ਜੋਧਪੁਰ ਤੋਂ ਵਾਰਾਣਸੀ ਜਾ ਰਹੀ ਮਰੁਧਰ ਐਕਸਪ੍ਰੈਸ ਟਰੇਨ ਦਾ ਜਨਰਲ ਕੋਚ ਬੁੱਧਵਾਰ ਨੂੰ ਯਾਤਰੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਦੁਪਹਿਰ 12 ਵਜੇ ਦੇ ਕਰੀਬ ਸਾਂਭਰ ਤੋਂ ਫੁਲੇਰਾ ਵਿਚਕਾਰ ਚੱਲ ਰਹੀ ਟਰੇਨ 'ਚ ਇਕ ਔਰਤ ਦੇ ਚੀਕਣ ਦੀ ਆਵਾਜ਼ ਸੁਣ ਕੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ ਅਤੇ ਟਰੇਨ 'ਚ ਮੌਜੂਦ ਚਾਹ-ਪਾਣੀ ਵੇਚਣ ਵਾਲੇ ਨੇ ਰੌਲਾ ਪਾ ਕੇ ਸਾਰਿਆਂ ਨੂੰ ਚਿਤਾਵਨੀ ਦਿੱਤੀ ਕਿ ਔਰਤ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਹ ਸੁਣ ਕੇ ਟਰੇਨ 'ਚ ਸਫਰ ਕਰ ਰਹੀ ਨਰਸਿੰਗ ਦੀ ਵਿਦਿਆਰਥਣ ਨਿਸ਼ਾ ਚੌਧਰੀ ਨੇ ਹਿੰਮਤ ਦਿਖਾਈ ਅਤੇ ਗਰਭਵਤੀ ਔਰਤ ਨੂੰ ਆਪਣੀ ਸੀਟ ਤੋਂ ਚੁੱਕ ਕੇ ਟਾਇਲਟ 'ਚ ਲੈ ਗਈ। ਇਸ ਤੋਂ ਬਾਅਦ ਉਸ ਨੇ ਔਰਤਾਂ ਦੀ ਮਦਦ ਨਾਲ ਚੱਲਦੀ ਟਰੇਨ 'ਚ ਸੁਰੱਖਿਅਤ ਡਿਲਿਵਰੀ ਕਰਵਾ ਕੇ ਬੱਚੇ ਨੂੰ ਜੀਵਨਦਾਨ ਦਿੱਤਾ।
ਜਦੋਂ ਨਵਜੰਮੇ ਬੱਚੇ ਅਤੇ ਗਰਭਵਤੀ ਔਰਤ ਨੂੰ ਬਾਹਰ ਲਿਆਂਦਾ ਗਿਆ ਤਾਂ ਨਜ਼ਾਰਾ ਅਜਿਹਾ ਸੀ ਜਿਵੇਂ ਮਾਂ ਅਤੇ ਬੱਚਾ ਲੇਬਰ ਰੂਮ ਤੋਂ ਸੁਰੱਖਿਅਤ ਬਾਹਰ ਆ ਗਏ ਹੋਣ। ਪੂਰੇ ਡੱਬੇ ਵਿੱਚ ਖੁਸ਼ੀ ਦਾ ਮਾਹੌਲ ਸੀ। ਟਰੇਨ 'ਚ ਬੈਠੀਆਂ ਔਰਤਾਂ ਵੀ ਬੱਚੇ ਨੂੰ ਵਾਰ-ਵਾਰ ਆਪਣੀ ਗੋਦ 'ਚ ਲੈ ਰਹੀਆਂ ਸਨ। ਨਿਸ਼ਾ ਨੇ ਨਵਜੰਮੇ ਬੱਚੇ ਨੂੰ ਕਾਫੀ ਦੇਰ ਤੱਕ ਆਪਣੇ ਕੋਲ ਰੱਖਿਆ। ਬਾਅਦ ਵਿਚ ਉਸ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ।
ਰਤਨਪੱਟੀ ਪੋਸਟ ਘੋਸਲ ਜ਼ਿਲ੍ਹਾ ਰੋਹਤਾਸ਼ (ਬਿਹਾਰ) ਦੀ ਰਹਿਣ ਵਾਲੀ ਸਾਕਸ਼ੀ ਆਪਣੇ 16 ਮਹੀਨੇ ਦੇ ਬੱਚੇ ਨਾਲ ਮਰੁਧਰ ਐਕਸਪ੍ਰੈਸ ਵਿੱਚ ਜੋਧਪੁਰ ਤੋਂ ਬਨਾਰਸ ਜਾ ਰਹੀ ਸੀ। ਰੇਲਵੇ ਸੁਰੱਖਿਆ ਬਲ ਦੇ ਸਹਾਇਕ ਸਬ-ਇੰਸਪੈਕਟਰ ਗੁਗਨ ਰਾਮ ਨੇ ਦੱਸਿਆ ਕਿ ਫੁਲੇਰਾ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਸੀ ਕਿ ਜਨਰਲ ਕੋਚ 'ਚ ਸਫਰ ਕਰ ਰਹੀ ਇਕ ਮਹਿਲਾ ਯਾਤਰੀ ਨੂੰ ਜਣੇਪੇ ਦਾ ਦਰਦ ਸੀ। ਜਿਸ 'ਤੇ ਰੇਲਵੇ ਦੇ ਡਾਕਟਰ ਆਨੰਦ ਤੰਵਰ, ਸਟਾਫ਼ ਅਤੇ ਐਂਬੂਲੈਂਸ ਨੂੰ ਫੁਲੇਰਾ ਸਟੇਸ਼ਨ ਭੇਜ ਦਿੱਤਾ ਗਿਆ। ਦੋਵਾਂ ਨੂੰ ਉਪਜ਼ਿਲਾ ਹਸਪਤਾਲ ਫੁਲੇਰਾ ਭੇਜਿਆ ਗਿਆ।
ਜਬਲਪੁਰ ਜਾ ਰਹੀ ਸੀ ਵਿਦਿਆਰਥਣ
ਨਾਗੌਰ ਜ਼ਿਲ੍ਹੇ ਦੇ ਪਰਬਤਸਰ ਦੇ ਪਿੰਡ ਭਾਦਵਾ ਦੀ ਰਹਿਣ ਵਾਲੀ ਵਿਦਿਆਰਥਣ ਨਿਸ਼ਾ ਚੌਧਰੀ ਜਬਲਪੁਰ ਯੂਨੀਵਰਸਿਟੀ ਤੋਂ ਬੀ.ਐੱਸ.ਸੀ. ਨਰਸਿੰਗ ਕਰ ਰਹੀ ਹੈ। ਉਹ ਕੁਚਮਨ ਤੋਂ ਫੁਲੇਰਾ ਆ ਰਹੀ ਸੀ ਕਿ ਰਸਤੇ 'ਚ ਇਹ ਘਟਨਾ ਵਾਪਰ ਗਈ। ਬਾਅਦ ਵਿੱਚ ਉਹ ਫੁਲੇਰਾ ਤੋਂ ਦਯੋਦਯ ਐਕਸਪ੍ਰੈਸ ਵਿੱਚ ਸਵਾਰ ਹੋ ਕੇ ਜਬਲਪੁਰ ਲਈ ਰਵਾਨਾ ਹੋ ਗਈ।