ਦਿੱਲੀ: ਪਰਿਵਾਰ ਦੇ ਡਰ ਤੋਂ ਪੁਲਸ ਚੌਕੀ 'ਚ ਲੜਕੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

07/16/2018 12:46:51 PM

ਨਵੀਂ ਦਿੱਲੀ— ਜਾਨ ਬਚਾਉਣ ਲਈ ਪੁਲਸ ਕੋਲ ਆਈ ਇਕ ਨਾਬਾਲਗ ਲੜਕੀ ਨੇ ਪੁਲਸ ਚੌਕੀ 'ਚ ਹੀ ਖੁਦਕੁਸ਼ੀ ਕਰ ਲਈ। ਲੜਕੀ ਨੂੰ 21 ਸਾਲਾ ਲੜਕੇ ਨਾਲ ਦੋਸਤੀ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਤੋਂ ਡਰ ਲੱਗ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰ ਇਸ ਦੋਸਤੀ ਦਾ ਵਿਰੋਧ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਗੁਆਂਢ ਦੇ ਇਕ ਲੜਕੇ ਨਾਲ ਲੜਕੀ ਦੀ ਦੋਸਤੀ ਤੋਂ ਖੁਸ਼ ਨਹੀਂ ਸੀ।
ਪੁਲਸ ਮੁਤਾਬਕ ਸ਼ਨੀਵਾਰ ਨੂੰ ਲੜਕੀ ਦਾ ਭਰਾ ਘਰ ਆਇਆ ਅਤੇ ਆਪਣੀ ਭੈਣ ਨੂੰ ਉਥੇ ਨਾ ਦੇਖ ਕੇ ਸੰਬੰਧਿਤ ਲੜਕੇ ਦੇ ਘਰ ਗਿਆ ਅਤੇ ਉਸ ਦੇ ਪਰਿਵਾਰ 'ਤੇ ਲੜਕੀ ਨੂੰ ਛੁਪਾਉਣ ਦਾ ਦੋਸ਼ ਲਗਾਇਆ। ਦੋਵਾਂ ਪਰਿਵਾਰਾਂ ਵਿਚਕਾਰ ਲੜਾਈ ਹੋਈ, ਜਿਸ ਦੇ ਬਾਅਦ ਦੋਵਾਂ ਪੱਖਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਕਰਮਚਾਰੀਆਂ ਦੇ ਆਉਣ ਤੋਂ ਬਾਅਦ ਦੋਵਾਂ ਪੱਖਾਂ ਨੇ ਪੁਲਸ ਨੂੰ ਲੜਕੀ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ। ਦੋਵਾਂ ਪੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਚੌਕੀ ਲਿਜਾਇਆ ਗਿਆ।  ਲੜਕੀ ਦੁਪਹਿਰ ਢਾਈ ਵਜੇ ਦੇ ਕਰੀਬ ਥਾਣੇ ਗਈ ਅਤੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਕਿਉਂਕਿ ਉਸ ਨੂੰ ਡਰ ਲੱਗ ਰਿਹਾ ਹੈ ਕਿ ਘਰ ਦੇ ਉਸ ਨੂੰ ਬੋਲਣਗੇ। ਪੁਲਸ ਨੇ ਲੜਕੀ ਨੂੰ ਨਾਰੀ ਨਿਕੇਤਨ ਭੇਜਣ ਦਾ ਫੈਸਲਾ ਲਿਆ ਅਤੇ ਇਕ ਮਹਿਲਾ ਕਾਂਸਟੇਬਲ ਨੂੰ ਬੁਲਾਇਆ। 
ਇਸੇ ਦੌਰਾਨ ਲੜਕੇ ਦਾ ਇਕ ਸੰਬੰਧੀ ਥਾਣੇ ਪੁੱਜਾ ਅਤੇ ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਮਾਰਿਆ ਗਿਆ ਹੈ। ਪੁਲਸ ਚੌਕੀ 'ਚ ਮੌਜੂਦ ਕਰੀਬ 30 ਲੋਕਾਂ ਨੇ ਫਿਰ ਤੋਂ ਝਗੜਾ ਸ਼ੁਰੂ ਕਰ ਦਿੱਤਾ। ਜਦੋਂ ਪੁਲਸ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਲੜਕੀ ਨੇ ਮੌਕਾ ਦੇਖ ਕੇ ਪੁਲਸ ਚੌਕੀ 'ਚ ਆਪਣੇ ਆਪ ਨੂੰ ਬੰਦ ਕਰ ਲਿਆ ਅਤੇ ਫਾਹਾ ਲਾ ਲਿਆ।


Related News