ਬਿੱਲੀ ਦੇ ਡਰ ਤੋਂ ਗਰਮ ਦੁੱਧ ''ਚ ਡਿੱਗੀ ਕੁੜੀ, ਇਲਾਜ ਦੌਰਾਨ ਤੋੜਿਆ ਦਮ
Thursday, Mar 27, 2025 - 03:56 PM (IST)

ਜੈਪੁਰ- ਰਾਜਸਥਾਨ ਦੇ ਡੀਗ ਜ਼ਿਲ੍ਹੇ ਵਿਚ 3 ਸਾਲ ਦੀ ਬੱਚੀ ਬਿੱਲੀ ਦੇ ਡਰ ਤੋਂ ਕੋਲ ਰੱਖੇ ਗਰਮ ਦੁੱਧ ਦੇ ਬਰਤਨ ਵਿਚ ਡਿੱਗ ਗਈ। ਬੁਰੀ ਤਰ੍ਹਾਂ ਝੁਲਸੀ ਬੱਚੀ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੀ ਸਾਰਿਕਾ ਨੂੰ ਗੰਭੀਰ ਹਾਲਤ ਵਿਚ ਜੈਪੁਰ ਰੈਫਰ ਕੀਤਾ ਗਿਆ ਸੀ, ਜਿੱਥੇ ਬੁੱਧਵਾਰ ਰਾਤ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਬੱਚੀ ਦੇ ਪਿਤਾ ਜੰਮੂ ਵਿਚ ਫ਼ੌਜ 'ਚ ਤਾਇਨਾਤ ਹਨ ਅਤੇ ਉਹ ਅੱਜ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ। ਪਰਿਵਾਰ ਕਾਮਾਂ ਕਸਬੇ ਦੀ ਅਗਮਾ ਕਾਲੋਨੀ ਵਿਚ ਰਹਿੰਦਾ ਹੈ। ਪੁਲਸ ਨੇ ਦੱਸਿਆ ਕਿ ਘਟਨਾ 25 ਮਾਰਚ ਦੀ ਸ਼ਾਮ ਦੀ ਹੈ। ਓਧਰ ਸਾਰਿਕਾ ਦੇ ਦਾਦਾ ਹਰੀਨਾਰਾਇਣ ਨੇ ਦੱਸਿਆ ਕਿ ਸਾਰਿਕਾ ਦੀ ਮਾਂ ਹੇਮਲਤਾ ਨੇ ਦੁੱਧ ਉਬਾਲ ਕੇ ਬਰਤਨ ਚੁੱਲ੍ਹੇ ਕੋਲ ਰੱਖਿਆ ਸੀ ਤਾਂ ਛੱਤ 'ਤੇ ਇਕ ਬਿੱਲੀ ਆ ਗਈ। ਉਨ੍ਹਾਂ ਨੇ ਦੱਸਿਆ ਕਿ ਬਿੱਲੀ ਨੂੰ ਵੇਖ ਕੇ ਸਾਰਿਕਾ ਪਿੱਛੇ ਮੁੜੀ ਅਤੇ ਦੌੜਨ ਲੱਗੀ, ਜਿਸ ਕਾਰਨ ਉਹ ਗਰਮ ਦੁੱਧ 'ਚ ਜਾ ਡਿੱਗੀ। ਪਰਿਵਾਰ ਵਾਲੇ ਉਸ ਨੂੰ ਕਾਮਾਂ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਭਰਤਪੁਰ ਦੇ RBM ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉੱਥੋਂ ਜੈਪੁਰ ਰੈਫਰ ਕਰ ਦਿੱਤਾ ਗਿਆ ਸੀ।