ਪੱਤਰਕਾਰ ਮੌਤ ਮਾਮਲਾ: ਮਰਨ ਤੋਂ ਪਹਿਲਾਂ ਵਿਕ੍ਰਮ ਨੇ ਆਪਣੀ ਧੀ ਨੂੰ ਆਖੇ ਇਹ ਆਖਰੀ ਸ਼ਬਦ
Thursday, Jul 23, 2020 - 01:49 PM (IST)
ਗਾਜ਼ੀਆਬਾਦ— ਉੱਤਰ ਪ੍ਰਦੇਸ ਦੇ ਗਾਜ਼ੀਆਬਾਦ 'ਚ ਬਦਮਾਸ਼ਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਪੱਤਰਕਾਰ ਵਿਕ੍ਰਮ ਜੋਸ਼ੀ ਨੇ ਬੁੱਧਵਾਰ ਭਾਵ ਕੱਲ ਦਮ ਤੋੜ ਦਿੱਤਾ। ਬਦਮਾਸ਼ਾਂ ਨੇ ਵਿਚ ਸੜਕ 'ਤੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰੀ ਸੀ। ਪੱਤਰਕਾਰ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਦੁੱਖ 'ਚੋਂ ਲੰਘ ਰਿਹਾ ਹੈ। ਇਸ ਸਦਮੇ ਵਿਚੋਂ ਬਾਹਰ ਨਿਕਲ ਸਕਣਾ ਆਸਾਨ ਨਹੀਂ ਹੈ। ਸਿਰ 'ਚ ਗੋਲੀ ਲੱਗਣ ਕਾਰਨ ਜੋਸ਼ੀ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਸੀ। ਹਾਲਾਂਕਿ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਆਖਰੀ ਸ਼ਬਦ ਆਖੇ ਸਨ ਕਿ ਵੱਡੇ ਹੋ ਕੇ ਸਫਲ ਬਣਨਾ ਅਤੇ ਆਪਣੀ ਮਾਂ ਤੇ ਭੈਣ ਨੂੰ ਕਦੇ ਨਾ ਛੱਡਣਾ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਿਹਾ ਸੀ ਪੱਤਰਕਾਰ, ਬਦਮਾਸ਼ਾਂ ਨੇ ਵਿਚਕਾਰ ਸੜਕ 'ਤੇ ਮਾਰੀ ਗੋਲੀ
ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਜਦੋਂ ਪੱਤਰਕਾਰ ਵਿਕ੍ਰਮ 'ਤੇ ਹਮਲਾ ਹੋਇਆ ਸੀ ਤਾਂ ਦੋਵੇਂ ਧੀਆਂ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੀ ਵੱਡੀ ਧੀ 9 ਸਾਲ ਦੀ ਹੈ। ਉਹ ਰੋਂਦੇ ਹੋਏ ਘਟਨਾ ਦਾ ਜ਼ਿਕਰ ਕਰਦੀ ਹੋਈ ਦੱਸਦੀ ਹੈ ਕਿ ਜਦੋਂ ਅਸੀਂ ਪਾਪਾ ਨਾਲ ਘਰ ਜਾ ਰਹੇ ਸੀ ਤਾਂ ਇਕ ਸ਼ਖਸ ਨੇ ਉਨ੍ਹਾਂ ਦੀ ਬਾਈਕ ਰੋਕ ਦਿੱਤੀ। ਦੂਜੇ ਨੇ ਪਾਪਾ ਨੂੰ ਡੰਡੇ ਨਾਲ ਮਾਰਿਆ। ਮੈਂ ਡਰ ਗਈ ਅਤੇ ਛੋਟੀ ਭੈਣ ਨੂੰ ਲੈ ਕੇ ਇਕ ਦੁਕਾਨ ਦੇ ਪਿੱਛੇ ਲੁੱਕ ਗਈ। ਜਦੋਂ ਮੈਂ ਪਾਪਾ ਕੋਲ ਗਈ ਤਾਂ ਇਕ ਸ਼ਖਸ ਨੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰ ਦਿੱਤੀ। ਮੈਂ ਰੋਂਦੀ ਰਹੀ ਅਤੇ ਲੋਕਾਂ ਤੋਂ ਮਦਦ ਦੀ ਗੁਹਾਰ ਲਾਈ ਪਰ ਕੋਈ ਅੱਗੇ ਨਹੀਂ ਆਇਆ।
ਇਹ ਵੀ ਪੜ੍ਹੋ: ਪੱਤਰਕਾਰ ਦੀ ਇਲਾਜ ਦੌਰਾਨ ਮੌਤ, ਬਦਮਾਸ਼ਾਂ ਨੇ ਸਿਰ 'ਚ ਮਾਰੀ ਸੀ ਗੋਲੀ
ਇਸ ਕਤਲ ਕਾਂਡ 'ਚ ਪੁਲਸ ਨੇ ਹੁਣ ਤੱਕ 9 ਦੋਸ਼ੀਆਂ ਨੂੰ ਫੜ੍ਹ ਲਿਆ ਹੈ, ਜਦਕਿ ਇਕ ਦੋਸ਼ੀ ਅਜੇ ਵੀ ਫਰਾਰ ਹੈ। ਦਰਅਸਲ ਪੱਤਰਕਾਰ ਵਿਕ੍ਰਮ ਜੋਸ਼ੀ ਨੇ ਅਤੇ ਉਨ੍ਹਾਂ ਦੀ ਭੈਣ ਨੇ 16 ਜੁਲਾਈ ਦੀ ਰਾਤ ਨੂੰ ਆਪਣੀ ਭੈਣ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਓਧਰ ਜੋਸ਼ੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਐੱਫ. ਆਈ. ਆਰ. ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਉਹ ਵਿਕ੍ਰਮ ਨੂੰ ਹਮੇਸ਼ਾ ਲਈ ਗੁਆ ਚੁੱਕੇ ਹਨ। ਜੋਸ਼ੀ ਦੇ ਭਰਾ ਅਨੀਕੇਤ ਨੇ ਦੱਸਿਆ ਕਿ ਹਮਲੇ ਵਾਲੀ ਰਾਤ ਦੋਸ਼ੀਆਂ ਨੇ ਉਨ੍ਹਾਂ ਨੂੰ ਪਿਸਤੌਲ ਨਾਲ ਧਮਕੀ ਦਿੱਤੀ ਸੀ। ਪੱਤਰਕਾਰ ਜੋਸ਼ੀ ਸੋਮਵਾਰ ਨੂੰ ਹੋਏ ਹਮਲੇ ਤੋਂ ਬਾਅਦ ਕੋਮਾ 'ਚ ਚੱਲੇ ਗਏ ਸਨ ਅਤੇ ਯਸ਼ੋਦਾ ਹਸਪਤਾਲ ਵਿਚ ਭਰਤੀ ਸਨ। ਪੱਤਰਕਾਰ 'ਤੇ ਇਸ ਤਰ੍ਹਾਂ ਹਮਲਾ ਉੱਤਰ ਪ੍ਰਦੇਸ਼ ਪ੍ਰਸ਼ਾਸਨ 'ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਇਹ ਵੀ ਪੜ੍ਹੋ: ਪੱਤਰਕਾਰ ਮੌਤ ਮਾਮਲਾ: ਮੁੱਖ ਮੰਤਰੀ ਯੋਗੀ ਨੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਦਦ ਦਾ ਕੀਤਾ ਐਲਾਨ