ਹੁਣ ਮੁੰਬਈ ’ਚ ਬਣ ਰਹੇ ਬਦਰੀਨਾਥ ਮੰਦਰ ਨੂੰ ਲੈ ਕੇ ਘਮਸਾਨ
Tuesday, Aug 27, 2024 - 11:22 PM (IST)
ਦੇਹਰਾਦੂਨ- ਮੁੰਬਈ ’ਚ ਬਣ ਰਹੇ ਬਦਰੀਨਾਥ ਮੰਦਰ ਨੂੰ ਲੈ ਕੇ ਹੁਣ ਘਮਸਾਨ ਮੱਚ ਗਿਆ ਹੈ। ਨਵੀਂ ਦਿੱਲੀ ’ਚ ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਦੇ ਮਾਮਲੇ ’ਚ ਬੈਕਫੁੱਟ ’ਤੇ ਚੱਲ ਰਹੀ ਭਾਜਪਾ ਹੁਣ ਮੁੰਬਈ ਦੇ ਉਕਤ ਮੰਦਰ ਦੀ ਉਸਾਰੀ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੀ ਹੈ।
ਕਾਂਗਰਸ ਦੀ ਸਰਪ੍ਰਸਤੀ ਤੇ ਅਗਵਾਈ ਹੇਠ ਇਸ ਮੰਦਰ ਦੀ ਉਸਾਰੀ ਦਾ ਦੋਸ਼ ਲਾਉਂਦਿਆਂ ਭਾਜਪਾ ਨੇ ਕਿਹਾ ਕਿ ਹਰੀਸ਼ ਰਾਵਤ ਸਰਕਾਰ ਵੇਲੇ ਮੁੰਬਈ ’ਚ ਬਦਰੀਨਾਥ ਮੰਦਰ ਵਰਗਾ ਹੀ ਮੰਦਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਮੰਦਰ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਕਾਂਗਰਸ ਨੇ ਇਸ ਵਿਸ਼ੇ ’ਤੇ ਚੁੱਪ ਧਾਰੀ ਹੋਈ ਹੈ ਜੋ ਉਸ ਦੇ ਵਿਚਾਰਧਾਰਕ ਦੋਗਲੇਪਣ ਨੂੰ ਦਰਸਾਉਂਦੀ ਹੈ।
ਪਾਰਟੀ ਦੇ ਸੂਬਾਈ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸੂਬਾ ਜਨਰਲ ਸਕੱਤਰ ਆਦਿਤਿਆ ਕੋਠਾਰੀ ਨੇ ਕਾਂਗਰਸ ’ਤੇ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ’ਤੇ ਉਲਝਨ ਪੈਦਾ ਕਰਨ ਤੇ ਦੋਹਰੇ ਪੈਮਾਨੇ ਅਪਨਾਉਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਨੀਤੀ ਤੇ ਨੀਅਤ ਦੋਵੇਂ ਸਾਫ਼ ਹਨ। ਇਹੀ ਕਾਰਨ ਹੈ ਕਿ ਦਿੱਲੀ ਦੇ ਪ੍ਰਸਤਾਵਿਤ ਸ਼੍ਰੀ ਕੇਦਾਰਨਾਥ ਧਾਮ ਮੰਦਰ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਧਾਮੀ ਨੇ ਤੁਰੰਤ ਕਾਰਵਾਈ ਕੀਤੀ। ਸਰਕਾਰ ਨੇ ਨਾ ਸਿਰਫ ਸ਼੍ਰੀ ਕੇਦਾਰ ਧਾਮ ਸਗੋਂ ਸੂਬੇ ਦੀਆਂ ਸਾਰੀਆਂ ਪਵਿੱਤਰ ਥਾਵਾਂ ਦੇ ਨਾਂ ’ਤੇ ਸੰਸਥਾਵਾਂ ਜਾਂ ਟਰੱਸਟ ਬਣਾਉਣ 'ਤੇ ਪਾਬੰਦੀ ਲਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸੀ ਆਗੂ ਇਸ ਮੁੱਦੇ ’ਤੇ ਸਸਤੀ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਕਾਂਗਰਸ ਦੀ ਹਰੀਸ਼ ਰਾਵਤ ਸਰਕਾਰ ਦੌਰਾਨ 1 ਫਰਵਰੀ 2015 ਨੂੰ ਮੁੰਬਈ ’ਚ ਸ਼੍ਰੀ ਬਦਰੀ ਵਿਸ਼ਾਲ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਕੇਦਾਰਨਾਥ ਮੰਦਰ ਦੇ ਨਾਂ ’ਤੇ ਹੰਗਾਮਾ ਕਰਨ ਵਾਲੇ ਗਣੇਸ਼ ਗੋਦਿਆਲ ਉਸ ਸਮੇਂ ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਸਨ।
ਉਨ੍ਹਾਂ ਕਿਹਾ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਉਸਾਰੀ ਅਧੀਨ ਮੰਦਰ ਦਾ ਉਤਰਾਂਚਲ ਮਿੱਤਰ ਮੰਡਲ ਵਸਾਈ ਟਰੱਸਟ ਮੰਦਰ ਦੇ ਨਾਂ ’ਤੇ ਸ਼ਰਧਾਲੂਆਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਿਹਾ ਹੈ।