''ਸਾਧੂ'' ਬਣ ਕੇ ਬਜ਼ੁਰਗ ਮਹਿਲਾ ਨਾਲ ਠੱਗੀ, ਪੁਲਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Friday, Mar 06, 2026 - 03:43 PM (IST)
ਨਵੀਂ ਦਿੱਲੀ- ਦਿੱਲੀ ਦੇ ਪੀਤਮਪੁਰਾ ਇਲਾਕੇ 'ਚ ਇੱਕ ਵਿਅਕਤੀ ਵੱਲੋਂ ਖੁਦ ਨੂੰ 'ਸਾਧੂ' ਦੱਸ ਕੇ ਇਕ 65 ਸਾਲਾ ਬਜ਼ੁਰਗ ਮਹਿਲਾ ਦੇ ਸੋਨੇ ਦੇ ਗਹਿਣੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ 'ਚ ਮਿੱਥੁਨ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਮਹਿਲਾ ਦਾ ਇਕ ਸੋਨੇ ਦਾ ਗਹਿਣਾ ਵੀ ਬਰਾਮਦ ਕੀਤਾ ਹੈ।
ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ?
ਪੁਲਸ ਅਨੁਸਾਰ ਇਹ ਘਟਨਾ 3 ਮਾਰਚ ਨੂੰ ਉਸ ਸਮੇਂ ਵਾਪਰੀ ਜਦੋਂ ਪੀੜਤਾ ਰਾਜ ਰਾਣੀ ਆਪਣੇ ਘਰ ਦੇ ਕੰਮ ਨਿਪਟਾ ਕੇ ਵਾਪਸ ਆ ਰਹੀ ਸੀ। ਜਦੋਂ ਉਹ ਟਾਟਾ ਪਾਵਰ NDPL ਦਫ਼ਤਰ ਕੋਲ ਪਹੁੰਚੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਰੋਕ ਲਿਆ ਅਤੇ ਖੁਦ ਨੂੰ ਇੱਕ 'ਸਾਧੂ' ਵਜੋਂ ਪੇਸ਼ ਕਰਦਿਆਂ ਉਸਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ। ਮਹਿਲਾ ਦਾ ਭਰੋਸਾ ਜਿੱਤਣ ਲਈ ਉੱਥੇ ਇਕ ਹੋਰ ਵਿਅਕਤੀ ਵੀ ਆ ਗਿਆ, ਜਿਸ ਨੇ ਉਕਤ 'ਸਾਧੂ' ਤੋਂ ਮਦਦ ਮੰਗਣ ਦਾ ਨਾਟਕ ਕੀਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮਹਿਲਾ ਨੂੰ ਇਕ ਰਸਮ ਦੇ ਤੌਰ 'ਤੇ 151 ਕਦਮ ਚੱਲਣ ਲਈ ਕਿਹਾ। ਰਸਮ ਦੇ ਬਹਾਨੇ 'ਸਾਧੂ' ਨੇ ਮਹਿਲਾ ਨੂੰ ਆਪਣੇ ਸੋਨੇ ਦਾ ਲੌਕਿਟ ਅਤੇ ਕੰਨਾਂ ਦੀਆਂ ਵਾਲੀਆਂ ਦੂਜੇ ਵਿਅਕਤੀ ਨੂੰ ਫੜਾਉਣ ਲਈ ਕਿਹਾ। ਜਿਵੇਂ ਹੀ ਮਹਿਲਾ ਨੇ ਗਹਿਣੇ ਦਿੱਤੇ, ਦੋਵੇਂ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ।
ਪੁਲਸ ਕਾਰਵਾਈ ਅਤੇ ਜਾਂਚ
ਮਹਿਲਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਦੀ ਜਾਂਚ ਕੀਤੀ ਅਤੇ ਮੁਲਜ਼ਮ ਮਿੱਥੁਨ ਨੂੰ ਕਾਬੂ ਕਰ ਲਿਆ। ਜਾਂਚ 'ਚ ਸਾਹਮਣੇ ਆਇਆ ਕਿ ਮਿਥੁਨ ਪਹਿਲਾਂ ਵੀ ਉੱਤਰ ਪ੍ਰਦੇਸ਼ 'ਚ ਅਜਿਹੇ ਕਈ ਅਪਰਾਧਾਂ 'ਚ ਸ਼ਾਮਲ ਰਿਹਾ ਹੈ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਸਾਥੀ ਨਾਲ ਮਿਲ ਕੇ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਸੀ। ਪੁਲਸ ਹੁਣ ਬਾਕੀ ਦੇ ਗਹਿਣਿਆਂ ਦੀ ਬਰਾਮਦਗੀ ਅਤੇ ਫ਼ਰਾਰ ਸਾਥੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
