ਗੰਭੀਰ-ਪੀ.ਡੀ.ਪੀ. ਪ੍ਰਧਾਨ ਵਿਚਾਲੇ ਇਕ ਵਾਰ ਫਿਰ ‘ਟਵਿਟਰ ਵਾਰ’​​​​​​​

Tuesday, Jun 04, 2019 - 08:26 PM (IST)

ਗੰਭੀਰ-ਪੀ.ਡੀ.ਪੀ. ਪ੍ਰਧਾਨ ਵਿਚਾਲੇ ਇਕ ਵਾਰ ਫਿਰ ‘ਟਵਿਟਰ ਵਾਰ’​​​​​​​

ਸ਼੍ਰੀਨਗਰ (ਮਜੀਦ)- ਪੀਪਲਸ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਸ਼ਮੀਰ ਮੁੱਦੇ ਵਿਚ ਪਾਕਿਸਤਾਨ ਨੂੰ ਵੀ ਇਕ ਪੱਖ ਦੱਸਿਆ ਅਤੇ ਮੁੱਦੇ ਨੂੰ ਸੁਲਝਾਉਣ ਲਈ ਗੁਆਂਢੀ ਦੇਸ਼ ਨੂੰ ਵੀ ਸ਼ਾਮਲ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸਮੱਸਿਆ ਦੇ ਸਥਾਈ ਹੱਲ ਲਈ ਤਾਕਤ ਦਾ ਸਹਾਰਾ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਬੇਤੁਕੀ ਜਿਹੀ ਨਾਸਮਝੀ ਹੋਵੇਗੀ।

ਮਹਿਬੂਬਾ ਨੇ ਟਵੀਟ ਕਰ ਕੇ ਕਿਹਾ ਕਿ 1947 ਤੋਂ ਵੱਖ-ਵੱਖ ਸਰਕਾਰਾਂ ਕਸ਼ਮੀਰ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਦੇਖਦੀਆਂ ਰਹੀਆਂ ਹਨ। ਇਹ ਇਕ ਸਿਆਸੀ ਸਮੱਸਿਆ ਹੈ ਅਤੇ ਪਾਕਿਸਤਾਨ ਸਣੇ ਸਾਰੇ ਪੱਖਾਂ ਨੂੰ ਸ਼ਾਮਲ ਕਰਦੇ ਹੋਏ ਇਸ ਦੇ ਸਿਆਸੀ ਹੱਲ ਦੀ ਲੋੜ ਹੈ।

ਮਹਿਬੂਬਾ ਦੇ ਇਸ ਟਵੀਟ 'ਤੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਵਾਬ ਦਿੱਤਾ। ਗੌਤਮ ਨੇ ਲਿਖਿਆ ਹੈ ਕਿ ਹਾਲਾਂਕਿ ਮੈਂ ਕਸ਼ਮੀਰ ਸਮੱਸਿਆ ਦੇ ਹੱਲ ਲਈ ਗੱਲਬਾਤ ਕਰਨ ਦੇ ਪੱਖ ਵਿਚ ਹਾਂ ਪਰ ਅਮਿਤ ਸ਼ਾਹ ਦੀ ਪ੍ਰਕਿਰਿਆ ਨੂੰ ਕਰੂਰ ਕਰਾਰ ਦਿੱਤਾ ਜਾਣਾ ਹਾਸੋਹੀਣਾ ਭੋਲਾਪਣ ਹੈ। ਇਤਿਹਾਸ ਸਾਡੇ ਹੌਸਲੇ ਦਾ ਗਵਾਹ ਰਿਹਾ ਹੈ ਪਰ ਜੇਕਰ ਸਖਤੀ ਨਾਲ ਮੇਰੇ ਲੋਕਾਂ ਦੀ ਸੁਰੱਖਿਆ ਹੋ ਸਕਦੀ ਹੈ ਤਾਂ ਅਜਿਹਾ ਜ਼ਰੂਰ ਹੋਵੇ।

ਇਹ ਭਾਰਤ ਹੈ ਕੋਈ ਧੱਬਾ ਨਹੀਂ, ਜੋ ਤੁਹਾਡੀ ਤਰ੍ਹਾਂ ਮਿਟ ਜਾਵੇਗਾ : ਗੌਤਮ ਗੰਭੀਰ

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਗੌਤਮ ਗੰਭੀਰ ਨੇ ਮਹਿਬੂਬਾ ਦੀ ਕਿਸੇ ਟਿੱਪਣੀ 'ਤੇ ਜਵਾਬ ਦਿੱਤਾ ਹੋਵੇ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਵਿਚ ਮਹਿਬੂਬਾ ਮੁਫਤੀ ਅਤੇ ਫਾਰੂਕ ਅਬਦੁੱਲਾ ਦੇ ਲੋਕ ਸਭਾ ਚੋਣਾਂ ਲੜਨ 'ਤੇ ਰੋਕ ਲਾਉਣ ਲਈ ਦਿੱਲੀ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਹੋਈ ਸੀ। ਇਸੇ ਤੋਂ ਨਾਰਾਜ਼ ਹੋ ਕੇ ਮਹਿਬੂਬਾ ਮੁਫਤੀ ਨੇ ਟਵਿਟਰ 'ਤੇ ਲਿਖਿਆ ਕਿ ਕੋਰਟ ਵਿਚ ਸਮਾਂ ਕਿਉਂ ਬਰਬਾਦ ਕਰਨਾ? ਧਾਰਾ 370 ਨੂੰ ਹਟਾਉਣ ਲਈ ਭਾਜਪਾ ਦਾ ਇੰਤਜ਼ਾਰ ਕਰੋ। ਇਹ ਆਪਣੇ ਆਪ ਸਾਨੂੰ ਚੋਣ ਲੜਨ ਤੋਂ ਰੋਕ ਦੇਵੇਗਾ, ਕਿਉਂਕਿ ਭਾਰਤੀ ਸੰਵਿਧਾਨ ਹੁਣ ਜੰਮੂ-ਕਸ਼ਮੀਰ ਵਿਚ ਲਾਗੂ ਨਹੀਂ ਹੋਵੇਗਾ। ਨਾ ਸਮਝੋਗੇ ਤਾਂ ਮਿਟ ਜਾਓਗੇ ਐ ਹਿੰਦੋਸਤਾਨ ਵਾਲਿਓ। 'ਤੁਮਹਾਰੀ ਦਾਸਤਾਂ ਤਕ ਵੀ ਨਾ ਹੋਗੀ ਦਾਸਤਾਨੋਂ ਮੇਂ।'

ਮਹਿਬੂਬਾ ਮੁਫਤੀ ਦੇ ਇਸ ਟਵੀਟ 'ਤੇ ਗੌਤਮ ਗੰਭੀਰ ਨੇ ਜਵਾਬ ਦਿੱਤਾ ਸੀ। ਗੌਤਮ ਗੰਭੀਰ ਨੇ ਲਿਖਿਆ ਸੀ ਕਿ ਇਹ ਭਾਰਤ ਹੈ ਕੋਈ ਧੱਬਾ ਨਹੀਂ, ਜੋ ਤੁਹਾਡੀ ਤਰ੍ਹਾਂ ਮਿਟ ਜਾਵੇਗਾ। ਗੌਤਮ ਗੰਭੀਰ ਦੇ ਇਸ ਜਵਾਬ ਤੋਂ ਬਾਅਦ ਮਹਿਬੂਬਾ ਮੁਫਤੀ ਭੜਕ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਗੰਭੀਰ ਦੇ ਕ੍ਰਿਕਟ ਕਰੀਅਰ 'ਤੇ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਲਿਖਿਆ ਕਿ ਉਮੀਦ ਕਰਦੀ ਹਾਂ ਕਿ ਭਾਜਪਾ ਵਿਚ ਤੁਹਾਡੀ ਸਿਆਸੀ ਪਾਰੀ ਕ੍ਰਿਕਟ ਦੀ ਤਰ੍ਹਾਂ ਛੋਟੀ ਨਾ ਹੋਵੇ। ਗੌਤਮ ਗੰਭੀਰ ਦੇ ਇਸ ਕੁਮੈਂਟ ਦਾ ਜਵਾਬ ਦੇਣ ਦੇ ਨਾਲ ਹੀ ਮਹਿਬੂਬਾ ਮੁਫਤੀ ਨੇ ਉਸ ਨੂੰ ਟਵਿਟਰ 'ਤੇ ਬਲਾਕ ਕਰ ਦਿੱਤਾ ਸੀ।


author

Inder Prajapati

Content Editor

Related News