ਜੀ-20 ਸਿਖਰ ਸੰਮੇਲਨ : ਦਰੱਖਤਾਂ ਨੂੰ ਗੇਂਦੇ ਦੀਆਂ ਮਾਲਾਵਾਂ ਨਾਲ ਸਜਾਇਆ ਗਿਆ
Friday, Sep 08, 2023 - 05:40 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਜੀ-20 ਸਿਖਰ ਸੰਮੇਲਨ ਦੇ ਆਯੋਜਨ ਦੇ ਮੱਦੇਨਜ਼ਰ ਸੜਕਾਂ ਦੇ ਕਿਨਾਰੇ ਸੈਂਕੜੇ ਦਰੱਖਤਾਂ ਨੂੰ ਗੇਂਦੇ ਦੀਆਂ ਮਾਲਾਵਾਂ ਨਾਲ ਸਜਾਇਆ ਗਿਆ ਹੈ। ਇਹ ਸਜਾਵਟ ਉਨ੍ਹਾਂ ਮਾਰਗਾਂ 'ਤੇ ਕੀਤੀ ਗਈ ਹੈ, ਜਿਨ੍ਹਾਂ ਤੋਂ ਸੰਮੇਲਨ 'ਚ ਸ਼ਾਮਲ ਹੋਣ ਆਏ ਵਿਦੇਸ਼ੀ ਪ੍ਰਤੀਨਿਧੀ ਅਤੇ ਮਹਿਮਾਨ ਲੰਘਣਗੇ। ਪਾਲਮ ਤਕਨੀਕੀ ਖੇਤਰ, ਸਰਦਾਰ ਪਟੇਲ ਮਾਰਗ, ਰਾਜਘਾਟ ਅਤੇ ਹੋਰ ਮਹੱਤਵਪੂਰਨ ਚੌਰਾਹਿਆਂ 'ਤੇ ਗੇਂਦੇ ਦੀਆਂ ਮਾਲਾਵਾਂ ਨਾਲ ਸਜਾਏ ਦਰੱਖਤਾਂ ਨੂੰ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਦੇ ਆਦੇਸ਼ 'ਤੇ ਇਹ ਸਜਾਵਟ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਇਕ ਦੇਸ਼, ਇਕ ਚੋਣ' ਦੀਆਂ ਤਿਆਰੀਆਂ 'ਚ ਲੱਗਣਗੇ 3 ਸਾਲ, 35 ਲੱਖ EVMs ਦੀ ਪਵੇਗੀ ਲੋੜ
ਸਕਸੈਨਾ ਨੇ ਬੀਤੇ ਹਫ਼ਤੇ ਦੱਸਿਆ ਸੀ,''ਮਹਿਮਾਨਾਂ ਦੇ ਸੁਆਗਤ ਦੀ ਇਹ ਗੁਜਰਾਤੀ ਪਰੰਪਰਾ ਹੈ। ਇਹ ਵਾਤਾਵਰਣ-ਅਨੁਕੂਲ ਤਰੀਕਾ ਵੀ ਹੈ ਅਤੇ ਗੇਂਦੇ ਦੇ ਫੁੱਲਾਂ ਨਾਲ ਸੁੰਦਰਤਾ ਵਧ ਜਾਂਦੀ ਹੈ।'' ਇਸ ਕੰਮ 'ਚ ਵੱਖ-ਵੱਖ ਏਜੰਸੀਆਂ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਦਿੱਲੀ ਛਾਉਣੀ ਬੋਰਡ ਨੇ ਪਾਲਮ ਤਕਨੀਕੀ ਖੇਤਰ (ਥਿਮੈਯਾ ਰੋਡ ਤੋਂ ਪਰੇਡ ਰੋਡ) 'ਚ ਕਰੀਬ 400 ਦਰੱਖਤਾਂ ਨੂੰ ਸਜਾਇਆ ਹੈ, ਜਦੋਂ ਕਿ ਲੋਕ ਨਿਰਮਾਣ ਵਿਭਾਗ ਨੇ ਰਾਜਘਾਟ ਕੋਲ ਲਗਭਗ 200 ਦਰੱਖਤਾਂ ਅਤੇ 100 ਖੰਭਿਆਂ ਦੀ ਸਜਾਵਟ ਕੀਤੀ ਹੈ। ਇਸ ਤੋਂ ਇਲਾਵਾ, ਨਵੀਂ ਦਿੱਲੀ ਨਗਰ ਨਿਗਮ (ਐੱਨ.ਡੀ.ਐੱਮ.ਸੀ.) ਨੇ ਸਰਦਾਰ ਪਟੇਲ ਮਾਰਗ ਅਤੇ ਮਹੱਤਵਪੂਰਨ ਚੌਰਾਹਿਆਂ 'ਤੇ ਕਰੀਬ 1,200 ਦਰੱਖਤਾਂ ਨੂੰ ਸਜਾਇਆ ਹੈ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ ਲਗਭਗ 300 ਦਰੱਖਤਾਂ ਦੀ ਸਜਾਵਟ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ 'ਚ ਮਹੱਤਵਪੂਰਨ ਸੜਕਾਂ 'ਤੇ ਇਸ ਤਰ੍ਹਾਂ ਦੀ ਵਾਤਾਵਰਣ ਅਨੁਕੂਲ ਸਜਾਵਟ ਪਹਿਲੀ ਵਾਰ ਹੋਈ ਹੈ। ਜੀ-20 ਸਿਖਰ ਸੰਮੇਲਨ ਦਾ ਆਯੋਜਨ 9 ਅਤੇ 10 ਸਤੰਬਰ ਨੂੰ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8