ਸ਼ੇਅਰ ਬਾਜ਼ਾਰ ''ਚ ਨਿਵੇਸ਼ ਦੇ ਨਾਂ ''ਤੇ ਮਾਰੀ 30 ਕਰੋੜ ਦੀ ਠੱਗੀ ! ਪੁਲਸ ਨੇ ਗੁਜਰਾਤ ਤੋਂ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Tuesday, Sep 15, 2026 - 04:14 PM (IST)
ਨੈਸ਼ਨਲ ਡੈਸਕ- ਸ਼ੇਅਰ ਬਾਜ਼ਾਰ ਘਪਲੇ ਨਾਲ ਨਿਵੇਸ਼ਕਾਂ ਤੋਂ 30 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਮੁਲਜ਼ਮ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ 3 ਵੱਖ-ਵੱਖ ਪਛਾਣਾਂ ਬਣਾਈਆਂ ਸਨ ਅਤੇ ਵਿਗ ਪਹਿਨ ਕੇ ਆਪਣਾ ਭੇਸ ਬਦਲਦਾ ਰਹਿੰਦਾ ਸੀ।
ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਿਊ.) ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰੌਸ਼ਨ ਭੂਸ਼ਨ ਸੇਠ (56) ਨੇ ਇਸ ਧੋਖਾਦੇਹੀ ਤੋਂ ਮਿਲੇ ਪੈਸਿਆਂ ਨਾਲ ਆਲੀਸ਼ਾਨ ਫਲੈਟ, ਮਹਿੰਗੀਆਂ ਕਾਰਾਂ ਅਤੇ ਘੜੀਆਂ ਖਰੀਦੀਆਂ ਅਤੇ ਸ਼ਾਨਦਾਰ ਜ਼ਿੰਦਗੀ ਦਾ ਆਨੰਦ ਮਾਣਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਕ ਬੀ. ਐੱਮ. ਡਬਲਿਊ., ਇਕ ਮਰਸਡੀਜ਼, ਇਕ ਮਹਿੰਦਰਾ ਥਾਰ, 14 ਮਹਿੰਗੀਆਂ ਘੜੀਆਂ, 1.67 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 17 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 3 ਰਿਹਾਇਸ਼ੀ ਜਾਇਦਾਦਾਂ ਨੂੰ ਵੀ ਕੁਰਕ ਕੀਤਾ ਗਿਆ ਹੈ।
ਮੁਲਜ਼ਮ ਨੇ ਮਹਾਰਾਸ਼ਟਰ ਅਤੇ ਗੁਜਰਾਤ ’ਚ 42 ਲੋਕਾਂ ਨੂੰ ਨਿਵੇਸ਼ ’ਤੇ ਹਰ ਮਹੀਨੇ 5 ਫੀਸਦੀ ਮੁਨਾਫ਼ੇ ਦਾ ਲਾਲਚ ਦੇ ਕੇ ਠੱਗਿਆ। ਉਨ੍ਹਾਂ ਦੱਸਿਆ ਕਿ ਈ. ਓ. ਡਬਲਿਊ. ਨੇ ਸੇਠ ਨੂੰ ਜੁਲਾਈ ’ਚ ਗੁਜਰਾਤ ਦੇ ਵਲਸਾਡ ਦੀ ਇਕ ਰਿਹਾਇਸ਼ੀ ਇਮਾਰਤ ਤੋਂ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀ ਮੁਤਾਬਕ ਸੇਠ ਨੇ ਨਿਵੇਸ਼ਕਾਂ ਨੂੰ ਫਰਜ਼ੀ ਮੁਨਾਫ਼ਾ ਵੇਰਵਾ ਦਿਖਾਇਆ ਸੀ।
