ਕਾਰ ਵੇਚਣ ਦੇ ਨਾਂ ’ਤੇ 2.30 ਲੱਖ ਰੁਪਏ ਦੀ ਠੱਗੀ
Monday, Sep 07, 2026 - 10:57 AM (IST)
ਫਿਰੋਜ਼ਪੁਰ (ਖੁੱਲਰ) : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕਾਰ ਖਰੀਦਣ ਅਤੇ ਵੇਚਣ ਦੇ ਮਾਮਲੇ 'ਚ ਇਕ ਠੱਗੀ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਦੀ ਦਰਖ਼ਾਸਤ ’ਤੇ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮਨਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੰਗਾਲੀ ਜਦੀਦ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਗੋਬਿੰਦ ਇਨਕਲੇਵ ਫਿਰੋਜ਼ਪੁਰ ਨੇ ਦੱਸਿਆ ਕਿ ਇਕ ਕਾਰ ਨੰਬਰ ਪੀਬੀ 13 ਬੀਈ 8234 ਉੱਤਰਵਾਦੀ ਇੰਦਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੱਧੂ ਸ਼ਾਹ ਵਾਲਾ ਪਾਸੋਂ ਖਰੀਦੀ ਸੀ, ਜਿਸ ਦਾ ਬਿਆਨ ਹਲਫ਼ੀਆ ਵੀ ਨੱਥੀ ਮਿਸਲ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰ ਦਿਲਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗੱਟੀ ਮੱਤੜ ਨੂੰ 2,30,000 ਰੁਪਏ ਵਿਚ ਵੇਚ ਦਿੱਤੀ ਸੀ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਕਾਰ ਦਾ ਸੌਦਾ ਹੋਣ ਸਮੇਂ ਦਿਲਪ੍ਰੀਤ ਸਿੰਘ ਨੇ ਉਸ ਨੂੰ ਮੌਕੇ ’ਤੇ 70,000 ਰੁਪਏ ਵਿਸ਼ਵਾਸ ਦਿਵਾਉਣ ਲਈ ਦਿੱਤੇ ਅਤੇ ਕਾਰ ਸਮੇਤ ਆਰਸੀ ਆਪਣੇ ਕਬਜ਼ੇ ਵਿਚ ਲੈ ਲਈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਬਾਕੀ ਰਹਿੰਦੀ 1,60,000 ਰੁਪਏ ਦੀ ਬਕਾਇਆ ਰਕਮ 26 ਜਨਵਰੀ 2026 ਤੱਕ ਦੇਣ ਦਾ ਵਾਅਦਾ ਕੀਤਾ ਗਿਆ ਸੀ। ਮਨਜਿੰਦਰ ਸਿੰਘ ਨੇ ਦੱਸਿਆ ਕਿ ਮਿਥੀ ਤਾਰੀਖ ਲੰਘ ਜਾਣ ਦੇ ਬਾਵਜੂਦ ਉੱਤਰਵਾਦੀ ਵੱਲੋਂ ਨਾ ਤਾਂ ਕਾਰ ਵਾਪਸ ਕੀਤੀ ਗਈ ਅਤੇ ਨਾ ਹੀ ਬਕਾਇਆ ਰਕਮ 1.60 ਲੱਖ ਰੁਪਏ ਦਿੱਤੇ ਗਏ। ਪੁਲਿਸ ਨੇ ਦੱਸਿਆ ਕਿ ਪੁਲਿਸ ਤਫਤੀਸ਼ ਵਿਚ ਇਹ ਸਾਹਮਣੇ ਆਇਆ ਹੈ ਕਿ ਦਿਲਪ੍ਰੀਤ ਸਿੰਘ ਨੇ ਕਾਰ ਦੇ ਅਸਲ ਮਾਲਕ ਇੰਦਰਜੀਤ ਸਿੰਘ ਨਾਲ ਸਾਜ਼ਬਾਜ਼ ਹੋ ਕੇ, ਬਕਾਇਆ ਰਕਮ ਮਨਜਿੰਦਰ ਸਿੰਘ ਨੂੰ ਦੇਣ ਦੀ ਬਜਾਏ ਇੰਦਰਜੀਤ ਸਿੰਘ ਪਾਸੋਂ ਕਾਰ ਦੀ ਆਰਸੀ ਸਿੱਧੀ ਆਪਣੇ ਨਾਂ ’ਤੇ ਟਰਾਂਸਫਰ ਕਰਵਾ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦਿਲਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
