ਹਿਮਾਚਲ: ਮਲਾਣਾ ’ਚ 18 ਹਜ਼ਾਰ ਫੁੱਟ ਉੱਚੀ ਚੋਟੀ ਫਤਿਹ ਕਰਨ ਨਿਕਲੇ 4 ਟ੍ਰੈਕਰ ਲਾਪਤਾ, ਭਾਲ ਜਾਰੀ

09/10/2022 6:06:48 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਕੁੱਲੂ ਜ਼ਿਲ੍ਹੇ ਦੇ ਮਲਾਣਾ ’ਚ 18 ਹਜ਼ਾਰ ਫੁੱਟ ਉੱਚੀ ਮਾਊਂਟ ਅਲੀ ਰਤਨੀ ਟਿੱਬਾ ਚੋਟੀ ’ਤੇ ਬੁੱਧਵਾਰ ਨੂੰ ਟ੍ਰੈਕਿੰਗ ਕਰਨ ਗਏ ਕੋਲਕਾਤਾ ਦੇ 4 ਟ੍ਰੈਕਰ ਲਾਪਤਾ ਹੋ ਗਏ ਹਨ। ਮਲਾਣਾ ਪਰਤਣ ਵਾਲੀ ਟ੍ਰੈਕਿੰਗ ਟੀਮ ਦੇ ਇਕ ਮੈਂਬਰ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਇਹ ਟ੍ਰੈਕਰ ਪਰਬਤਾਰੋਹੀ ਬੇਸ ਕੈਂਪ ਤੋਂ ਚੋਟੀ ਨੂੰ ਫਤਿਹ  ਕਰਨ ਲਈ ਨਿਕਲੇ ਸਨ। ਅਟਲ ਬਿਹਾਰੀ ਵਾਜਪਾਈ ਪਰਬਤਾਰੋਹੀ ਖੇਡ ਸੰਸਥਾ ਮਨਾਲੀ ਤੋਂ 15 ਮੈਂਬਰੀ ਟੀਮ ਇਨ੍ਹਾਂ ਦੀ ਭਾਲ ’ਚ ਭੇਜੀ ਗਈ ਹੈ। ਅਜੇ ਤੱਕ ਲਾਪਤਾ ਟ੍ਰੈਕਰ ਦਾ ਕੋਈ ਪਤਾ ਨਹੀਂ ਲੱਗ ਸਕਿਆ। 

ਲਾਪਤਾ ਪਰਬਤਾਰੋਹੀ ਦੀ ਪਛਾਣ- ਅਭਿਜੀਤ ਬਨਿਕ (43), ਵਾਸੀ 57 ਏ ਗਾਰਪਰ ਰੋਡ, ਪੋਸਟ ਆਫਿਸ ਪਾਰਸ਼ੀ ਬਾਗਾਨ ਕੋਲਕਾਤਾ (ਪੱਛਮੀ ਬੰਗਾਲ), ਚਿਨਮਯ ਮੰਡਲ (43) ਵਾਸੀ ਹਿਰਦੇਪੁਰ ਸ਼ਾਂਤੀ ਨਗਰ ਉਦਯਾਨ ਪਾੜਾ, ਪੋਸਟ ਆਫਿਸ ਹੈਦਯਪੁਰ, ਕੋਲਕਾਤਾ (ਪੱਛਮੀ ਬੰਗਾਲ) ਵਜੋਂ ਹੋਈ ਹੈ। 37 ਸਾਲਾ ਦਿਵੇਸ਼ ਦਾਸ 2/105 ਸ਼੍ਰੀ ਕਾਲੋਨੀ, ਪੋਸਟ ਆਫਿਸ ਰੀਜੈਂਟ ਅਸਟੇਟ ਜਾਦਵਪੁਰ, ਕੋਲਕਾਤਾ (ਪੱਛਮੀ ਬੰਗਾਲ), 31 ਸਾਲਾ ਬਿਨੋਏ ਦਾਸ ਵਾਸੀ ਇਨਾਇਤਪੁਰ, ਪੋਸਟ ਆਫਿਸ ਡਰਾਈਵਰ ਇਨਾਇਤਪੁਰ ਕੋਲਕਾਤਾ (ਪੱਛਮੀ ਬੰਗਾਲ)।

5ਵਾਂ ਟਰੈਕਰ ਮਨੋਜ ਨਾਥ ਵਾਸੀ ਕੁੰਡੀ ਰਾਮਨਗਰ, ਸਿਟੀ ਸ਼ਿਆਮਨਗਰ, ਕੋਲਕਾਤਾ (ਪੱਛਮੀ ਬੰਗਾਲ) ਹੈ। ਬੇਸ ਕੈਂਪ ਪਰਤਣ ਵਾਲੇ ਮਨੋਜ ਨੇ ਆਪਣੇ ਸਾਥੀਆਂ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। 5 ਟ੍ਰੈਕਰ 18 ਅਗਸਤ ਨੂੰ ਕੋਲਕਾਤਾ ਤੋਂ ਰਵਾਨਾ ਹੋਏ ਸਨ ਅਤੇ 21 ਅਗਸਤ ਨੂੰ ਮਨਾਲੀ ਪਹੁੰਚੇ ਸਨ। ਉਨ੍ਹਾਂ ਨੇ ਮਣੀਕਰਨ ਦੇ ਨੇੜੇ ਜਰੀ ਤੋਂ 22 ਅਗਸਤ ਨੂੰ ਮਾਊਂਟ ਅਲੀ ਰਤਨੀ ਟਿੱਬਾ ਦਾ ਰੁਖ਼ ਕੀਤਾ ਸੀ। ਸਾਰਿਆਂ ਨੇ 15 ਸਤੰਬਰ ਨੂੰ ਵਾਪਸ ਹਾਵੜਾ ਪਹੁੰਚਣਾ ਸੀ। ਇਸ ਦਰਮਿਆਨ ਰਸਤਾ ਭਟਕਣ ਕਾਰਨ ਉਹ ਚਾਰੋਂ ਲਾਪਤਾ ਹੋ ਗਏ। 


Tanu

Content Editor

Related News