PGI ਰੋਹਤਕ ''ਚ ਕੋਰੋਨਾ ਵੈਕਸੀਨ ਦਾ ਪਹਿਲਾ ਟਰਾਇਲ ਸਫਲ, ਜਾਣੋ ਕਦੋਂ ਆਵੇਗੀ ''ਵੈਕਸੀਨ''

Tuesday, Sep 08, 2020 - 06:35 PM (IST)

PGI ਰੋਹਤਕ ''ਚ ਕੋਰੋਨਾ ਵੈਕਸੀਨ ਦਾ ਪਹਿਲਾ ਟਰਾਇਲ ਸਫਲ, ਜਾਣੋ ਕਦੋਂ ਆਵੇਗੀ ''ਵੈਕਸੀਨ''

ਹਰਿਆਣਾ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਵਿਚ ਵੀ 42 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਕਰੀਬ 71 ਹਜ਼ਾਰ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਭਾਰਤ ਵਿਚ ਕੋਰੋਨਾ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਕੋਰੋਨਾ ਵੈਕਸੀਨ ਤਿਆਰ ਕਰਨ 'ਚ ਲੱਗੇ ਪੀ. ਜੀ. ਆਈ. ਰੋਹਤਕ ਦੇ ਪਹਿਲੇ ਪੜਾਅ ਦਾ ਟਰਾਇਲ ਸਫਲ ਰਿਹਾ ਹੈ। ਸੰਸਥਾ ਮੁਤਾਬਕ ਟਰਾਇਲ ਸਹੀ ਦਿਸ਼ਾ ਵਿਚ ਚੱਲ ਰਿਹਾ ਹੈ ਅਤੇ ਪਹਿਲੇ ਪੜਾਅ ਦੇ ਨਤੀਜੇ ਛੇਤੀ ਸਾਹਮਣੇ ਆਉਣਗੇ। ਉਮੀਦ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਕੋਰੋਨਾ ਵੈਕਸੀਨ ਤਿਆਰ ਹੋ ਕੇ ਮਾਰਕੀਟ ਵਿਚ ਆ ਜਾਵੇਗੀ।

ਪੀ. ਜੀ. ਆਈ. ਰੋਹਤਕ ਨੇ ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਦੂਜੇ ਪੜਾਅ ਦੇ ਟਰਾਇਲ ਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਹੈ। ਪੂਰੇ ਦੇਸ਼ ਵਿਚ ਦੂਜੇ ਪੜਾਅ ਦਾ ਟਰਾਇਲ 380 ਵਲੰਟੀਅਰਾਂ 'ਤੇ ਹੋਵੇਗਾ। ਇਸ 'ਚ ਰੋਹਤਕ ਪੀ. ਜੀ. ਆਈ. ਦੇ 50 ਵਲੰਟੀਅਰ ਵੀ ਸ਼ਾਮਲ ਹੋਣਗੇ। ਇਸ ਟਰਾਇਲ 'ਚ ਨਵੀਂ ਗੱਲ ਇਹ ਹੈ ਕਿ ਇਸ ਵਾਰ ਸ਼ੂਗਰ ਅਤੇ ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਵੀ ਵੈਕਸੀਨ ਦੇ ਟਰਾਇਲ 'ਚ ਸ਼ਾਮਲ ਕੀਤਾ ਗਿਆ ਹੈ। 

ਪੰਡਤ ਭਗਵਤ ਦਿਆਲ ਸ਼ਰਮਾ ਸਿਹਤ ਯੂਨੀਵਰਸਿਟੀ ਦੇ ਕੁਲਪਤੀ ਡਾ. ਓਪੀ ਕਾਲੜਾ ਨੇ ਦੱਸਿਆ ਕਿ ਪਹਿਲੇ ਪੜਾਅ ਦੇ ਨਤੀਜੇ ਕਾਫੀ ਬਿਹਤਰ ਆਏ ਹਨ ਅਤੇ ਵਲੰਟੀਅਰਾਂ ਵਿਚ ਐਂਟੀਬੌਡੀ ਪੱਧਰ ਵੀ ਕਾਫੀ ਚੰਗਾ ਹੈ ਪਰ ਇਸ ਦੇ ਨਤੀਜੇ ਭਾਰਤ ਬਾਇਓਟੈਕ ਹੀ ਜਾਰੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੂਜੇ ਪੜਾਅ ਦੇ ਟਰਾਇਲ ਦੀ ਆਗਿਆ ਉਨ੍ਹਾਂ ਨੂੰ ਮਿਲ ਚੁੱਕੀ ਹੈ। ਦੂਜੇ ਪੜਾਅ ਵਿਚ ਕੁਝ ਬਦਲਾਅ ਕੀਤੇ ਗਏ ਹਨ। ਜਿਸ 'ਚ 12 ਤੋਂ 65 ਸਾਲ ਤੱਕ ਦੀ ਉਮਰ ਦੇ ਲੋਕਾਂ 'ਤੇ ਇਹ ਟਰਾਇਲ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਦੂਜੇ ਪੜਾਅ ਦੇ ਟਰਾਇਲ ਦੀ ਆਗਿਆ ਮਿਲੀ ਹੈ, ਉਸ ਤੋਂ ਉਮੀਦ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਦੂਜੇ ਪੜਾਅ ਦੇ ਨਤੀਜੇ ਆਉਣ ਤੋਂ ਬਾਅਦ ਇਹ ਵੈਕਸੀਨ ਮਾਰਕੀਟ 'ਚ ਆ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ, ਮਾਸਕ ਅਤੇ ਹੱਥਾਂ ਨੂੰ ਧੋਣ ਦੀ ਪ੍ਰਕਿਰਿਆ ਦਾ ਪਾਲਣ ਲਗਾਤਾਰ ਕਰਦੇ ਰਹੋ।


author

Tanu

Content Editor

Related News